Chandigarh - ਪੰਜਾਬ ਦੀ ਕੈਬਨਿਟ 'ਚ ਇੱਕ ਵਾ ਮੁੜ ਤੋਂ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ 2 ਤੋਂ ਤਿੰਨ ਮੰਤਰੀਆਂ ਦੀ ਛੁੱਟੀ ਕਰ ਸਕਦੇ ਹਨ। ਅਤੇ ਉਹਨਾਂ ਦੀ ਥਾਂ 'ਤੇ ਨਵੇਂ ਚੇਹਰੇ ਸ਼ਾਮਲ ਕੀਤੇ ਜਾ ਸਕਦੇ ਹਨ। 


ਸੂਤਰਾਂ ਮੁਤਾਬਕ ਲੰਬੇ ਸਮੇਂ ਤੋਂ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਰਹੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਇਸ ਜਾਲ 'ਚ ਫਸ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਕੈਬਨਿਟ ਫੇਰਬਦਲ ਲਈ ਦਿੱਲੀ ਹਾਈਕਮਾਂਡ ਤੋਂ ਹਰੀ ਝੰਡੀ ਮਿਲ ਗਈ ਹੈ। ਹਾਈਕਮਾਂਡ ਦਾ ਕਹਿਣਾ ਹੈ ਕਿ ਜਿਨ੍ਹਾਂ ਮੰਤਰੀਆਂ 'ਤੇ ਗੰਭੀਰ ਦੋਸ਼ ਲੱਗੇ ਹਨ, ਉਨ੍ਹਾਂ ਬਾਰੇ ਪਾਰਟੀ ਆਪਣੇ ਪੱਧਰ 'ਤੇ ਕੋਈ ਸਖ਼ਤ ਫੈਸਲਾ ਲੈ ਸਕਦੀ ਹੈ। ਜਿਨ੍ਹਾਂ ਦੋ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ, ਉਨ੍ਹਾਂ ਵਿੱਚੋਂ ਇੱਕ ਮਾਝਾ ਅਤੇ ਇੱਕ ਮਾਲਵਾ ਤੋਂ ਹੈ।


ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਤੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਰਿਪੋਰਟ ਤਲਬ ਕੀਤੀ ਸੀ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ 2 ਮੌਜੂਦਾ ਮੰਤਰੀਆਂ ਦੇ ਗਾਜ ਡਿੱਗ ਸਕਦੀ ਹੈ। ਅਤੇ ਇਹਨਾਂ ਦੀ ਥਾਂ 'ਤੇ ਕੁੱਲ 3 ਵਿਧਾਇਕਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। 


ਮੰਤਰੀ ਲਾਲਚੰਦ ਕਟਾਰੂਚੱਕ ਦਾ ਨਾਂ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਦੇ ਸ਼ੋਸ਼ਣ ਅਤੇ ਪਠਾਨਕੋਟ ਦੇ ਜ਼ਮੀਨੀ ਵਿਵਾਦ ਵਿੱਚ ਸਾਹਮਣੇ ਆਇਆ ਹੈ। ਬਾਅਦ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਵਾਪਸ ਲੈ ਲਏ। ਲਾਲ ਚੰਕ ਕਟਾਰੂਚੱਕ 'ਤੇ ਹੁਣ ਪਠਾਨਕੋਟ ਪੰਚਾਇਤੀ ਜ਼ਮੀਨ ਮਾਮਲੇ ਵਿੱਚ ਵੀ ਵਿਰੋਧੀ ਸਵਾਲ ਖੜ੍ਹੇ ਕਰ ਰਹੇ ਹਨ। ਕਾਂਗਰਸ ਦਾ ਕਹਿਣਾ ਹੈ ਕਿ ਮੰਤਰੀ ਲਾਲ ਚੰਕ ਕਟਾਰੂਚੱਕ ਦੇ ਕਹਿਣ 'ਤੇ ਹੀ 100 ਏਕੜ ਪੰਚਾਇਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਨੂੰ ਦਿੱਤੀ ਗਈ। 


ਇਸ ਤੋਂ ਇਲਾਵਾ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਬਲਾਕ ਦੇ ਪਿੰਡ ਗੋਲ ਦੀ ਪੰਚਾਇਤੀ ਜ਼ੀਮਨ ਘੁਟਾਲਾ ਮਾਮਲੇ 'ਚ ਕਾਂਗਰਸ ਸਾਬਕਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੀ ਨਾਮ ਜੋੜ ਰਹੀ ਹੈ। ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ, ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਕੁਲਦੀਪ ਧਾਲੀਵਾਲ ਦੀ ਵੀ ਇਸ ਮਾਮਲੇ ਵਿੱਚ ਮਿਲੀਭੁਗਤ ਹੈ। 



 ਜ਼ਿਕਰਯੋਗ ਹੈ ਕਿ ਮਾਨ ਸਰਕਾਰ ਨੇ ਡੇਢ ਸਾਲ ਦੇ ਕਾਰਜਕਾਲ 'ਚ ਵਿਜੇ ਸਿੰਗਲਾ, ਫੌਜਾ ਸਿੰਘ ਸਰਾੜੀ ਅਤੇ ਇੰਦਰਬੀਰ ਸਿੰਘ ਨਿੱਝਰ ਨੂੰ ਮੰਤਰੀ ਮੰਡਲ 'ਚੋਂ ਬਾਹਰ ਕਰ ਦਿੱਤਾ ਹੈ।