ਕਾਲਾਂਵਾਲੀ: ਪੰਜਾਬ ਤੇ ਹਰਿਆਣਾ ਦੀ ਹੱਦ 'ਤੇ ਸਥਿਤ ਕਾਲਾਂਵਾਲੀ ਦੇ ਪਿੰਡ ਚੱਠਾ 'ਚ ਅਵਾਰਾ ਕੁੱਤਿਆਂ ਨੇ ਘਰ ਦੇ ਬਾਹਰ ਖੇਡ ਰਹੀ ਦੋ ਸਾਲਾਂ ਦੀ ਬੱਚੀ ਨੂੰ ਨੋਚ ਨੋਚ ਕੇ ਮਾਰ ਦਿੱਤਾ। ਮ੍ਰਿਤਕਾ ਦੀ ਪਛਾਣ ਅਸ਼ਪ੍ਰੀਤ ਕੌਰ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਚੱਠਾ ਵਿੱਚ ਪਿੰਡ ਦੇ ਬਾਹਰਵਾਰ ਖੇਤਾਂ ਵਿੱਚ ਸੁੱਖਾ ਸਿੰਘ ਦੀ ਢਾਣੀ ਹੈ, ਜਿੱਥੇ ਉਸਦਾ ਪੁੱਤ ਅੰਮ੍ਰਿਤਪਾਲ ਸਿੰਘ ਪਰਿਵਾਰ ਸਮੇਤ ਰਹਿੰਦਾ ਹੈ। ਘਰ ਦੇ ਮਰਦ ਕੰਮ 'ਤੇ ਘਰੋਂ ਬਾਹਰ ਗਏ ਹੋਏ ਸਨ ਤੇ ਔਰਤਾਂ ਅੰਦਰ ਰੁੱਝੀਆਂ ਹੋਈਆਂ ਸਨ। ਦੁਪਹਿਰ ਵੇਲੇ ਅੰਮ੍ਰਿਤਪਾਲ ਸਿੰਘ ਦੀ ਦੋ ਸਾਲਾਂ ਦੀ ਧੀ ਅਸ਼ਪ੍ਰੀਤ ਕੌਰ ਘਰ ਦੇ ਬਾਹਰ ਹੀ ਖੇਡ ਰਹੀ ਸੀ ਕਿ ਇਸ ਦੌਰਾਨ ਅਵਾਰਾ ਕੁੱਤੇ ਉਸ ਨੂੰ ਚੁੱਕ ਕੇ ਖੇਤਾਂ ਵਿੱਚ ਲੈ ਗਏ ਅਤੇ ਉਸ ਦਾ ਸਿਰ ਦਾ ਹਿੱਸਾ ਬੁਰੀ ਤਰ੍ਹਾਂ ਨੋਚ ਲਿਆ।
ਘਰ ਦੇ ਬਾਹਰ ਖੇਡ ਰਹੀ ਬੱਚੀ ਕਾਫ਼ੀ ਦੇਰ ਤਕ ਨਜ਼ਰ ਨਾ ਆਈ ਤਾਂ ਔਰਤਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਦੂਰੀ ਉੱਤੇ ਦੇਖਿਆ ਕਿ ਖੇਤਾਂ ਵਿੱਚ ਅਵਾਰਾ ਕੁੱਤੇ ਬੱਚੀ ਨੂੰ ਨੋਚ ਰਹੇ ਸਨ। ਉਨ੍ਹਾਂ ਬੜੀ ਮੁਸ਼ਕਿਲ ਨਾਲ ਬੱਚੀ ਨੂੰ ਕੁੱਤਿਆਂ ਤੋਂ ਛੁਡਵਾਇਆ ਗਿਆ ਪਰ ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ। ਬੱਚੀ ਦੀ ਦੇਹ ਦੀ ਹਾਲਤ ਕਾਫੀ ਖ਼ਰਾਬ ਹੋਣ ਅਤੇ ਪ੍ਰਸ਼ਾਸਨ ਵੱਲੋਂ ਕੁੱਤਿਆਂ ਨੂੰ ਕਾਬੂ ਨਾ ਕਰਨ ਦੇ ਰੋਸ ਵਜੋਂ ਪਰਿਵਾਰ ਨੇ ਬਗ਼ੈਰ ਪੋਸਟ ਮਾਰਟਮ ਕਰਵਾਏ ਲਾਸ਼ ਨੂੰ ਦਫਨਾ ਦਿੱਤਾ।