ਗੁਰਦਾਸਪੁਰ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਲੱਡ ਅਲਰਟ ਜਾਰੀ ਕੀਤਾ ਗਿਆ ਹੈ।ਜਿਸ ਦੇ ਚਲਦੇ ਪਾਣੀ ਦਾ ਰਾਵੀ ਦਰਿਆ 'ਚ ਵਹਾਅ ਤੇਜ਼ ਹੋ ਰਿਹਾ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਅਤੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਦੇ ਕੰਡੇ ਤੇ ਦਰਿਆ ਦੇ ਇਲਾਕੇ 'ਚ ਖੇਤਾਂ 'ਚ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।


ਉਥੇ ਹੀ ਕਿਸਾਨਾਂ ਅਤੇ ਅਧਕਾਰੀਆਂ ਮੁਤਾਬਿਕ ਕਰੀਬ 2000 ਏਕੜ ਖੇਤੀ ਜਮੀਨ ਦਰਿਆ ਦੀ ਮਾਰ ਹੇਠ ਆਈ ਹੈ।ਉਥੇ ਹੀ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਸ਼ਾਸਨ ਦੇ ਅਧਕਾਰੀਆਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ ਅਤੇ ਆਰਮੀ ਵਿਸ਼ੇਸ ਤੌਰ ਤੇ ਬਚਾਅ ਕਾਰਜਾਂ 'ਚ ਜੁਟੀ ਹੋਈ ਹੈ। 


ਕਿਸਾਨਾਂ ਅਤੇ ਐਸਡੀਐਮ ਅਜਨਾਲਾ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਵਧਣ ਅਤੇ ਤੇਜ ਵਹਾਅ ਦੇ ਚਲਦੇ ਜਿਥੇ ਹਜਾਰਾਂ ਏਕੜ ਜਮੀਨ ਜਿਸ 'ਚ ਕਮਾਦ ਅਤੇ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ।ਉਥੇ ਹੀ ਮੁਖ ਤੌਰ ਤੇ ਰਾਵੀ ਦਰਿਆ 'ਤੇ ਬਣੇ ਪੱਕੇ ਪੁਲ ਦੇ ਨੇੜੇ ਸੜਕ ਤੇ ਵੱਡਾ ਪਾੜ ਪੈਣ ਨਾਲ ਸਥਾਨਿਕ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਮਣਾ ਕਰਨਾ ਪੈ ਰਿਹਾ ਹੈ। 


ਸੜਕ 'ਤੇ ਪਾੜ ਪੈਣ ਨਾਲ ਕਈ ਲੋਕ ਫਸੇ ਸਨ ਜਿਹਨਾਂ ਨੂੰ ਆਰਮੀ ਦੀ ਮਦਦ ਨਾਲ ਕੱਢਿਆ ਗਿਆ ਹੈ ਅਤੇ ਉਹਨਾਂ ਕਿਹਾ ਕਿ ਜੋ ਰਾਵੀ ਦਰਿਆ ਤੋਂ ਪਾਰ ਪਿੰਡ ਹਨ ਉਥੇ ਰਹਿ ਰਹੇ ਲੋਕਾਂ ਦੀ ਮਦਦ ਲਈ ਆਰਮੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਜੁਟਿਆ ਹੈ ਅਤੇ ਉਥੇ ਹੀ ਜ਼ਿਕਰਯੁਗ ਹੈ ਕਿ ਰਾਵੀ ਦਰਿਆ ਤੋਂ ਪਾਰ ਅਤੇ ਭਾਰਤ ਪਾਕਿਸਤਾਨ ਸਰਹੱਦ ਤੇ ਵਸੇ ਕੰਡੇਆਲੀ ਤਾਰ ਨੇੜੇ ਵੱਖ ਵੱਖ ਪਿੰਡਾਂ ਦਾ ਸੰਪਰਕ ਜ਼ਿਲ੍ਹੇ ਨਾਲ ਟੁੱਟ ਚੁੱਕਾ ਹੈ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।


ਮਹਿਜ ਆਰਮੀ ਕਿਸ਼ਤੀ ਰਾਹੀਂ ਲੋਕਾਂ ਨੂੰ ਪਾਰ ਲਿਆਂਦਾ ਜਾ ਰਿਹਾ ਹੈ।ਕਿਸਾਨਾਂ ਅਤੇ ਸਥਾਨਿਕ ਲੋਕਾਂ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਰਾਵੀ ਦਰਿਆ ਤੇ ਸੰਪਰਕ ਮਜਬੂਤ ਬਣਾਏ ਜਾਣ। ਉਥੇ ਹੀ ਉਹਨਾਂ ਕਿਹਾ ਕਿ ਜੋ ਉਹਨਾਂ ਦੀਆ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਵੀ ਸਰਕਾਰ ਮੁਆਵਜ਼ਾ ਦੇਵਾ।