Punjab News: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ 2000 ਰੁਪਏ ਦੇ ਨੋਟ ਬੰਦ ਕੀਤੇ ਜਾਣ 'ਤੇ ਸਵਾਲ ਖੜ੍ਹੇ ਕੀਤੇ ਹਨ। ਕੇਂਦਰ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, "ਹੁਣ ਉਹ (ਪ੍ਰਧਾਨ ਮੰਤਰੀ) ਇੱਕ ਨਵਾਂ ਨੋਟ ਲਿਆਉਣਗੇ, ਜਿਸ 'ਤੇ ਉਹ ਆਪਣੀ ਫੋਟੋ ਲਗਾਉਣਗੇ।" ਵੜਿੰਗ ਨੇ ਅੱਗੇ ਕਿਹਾ, '2016 ਦੇ ਨੋਟਬੰਦੀ ਤੋਂ ਬਾਅਦ 2,000 ਰੁਪਏ ਦੇ ਨੋਟ ਬਣਾਉਣ ਲਈ ਲੱਖਾਂ ਰੁਪਏ ਖਰਚ ਕੀਤੇ ਗਏ। ਹੁਣ ਇਹ ਨੋਟ ਵੀ ਬੰਦ ਕਰ ਦਿੱਤਾ ਗਿਆ ਹੈ।'
ਰਾਜਾ ਵੜਿੰਗ ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਡਾਲਰ ਨਾਲ ਰੁਪਏ ਦੀ ਤੁਲਨਾ ਕਰਦਿਆਂ ਕਿਹਾ, 'ਅੱਜ ਡਾਲਰ ਦੇ ਮੁਕਾਬਲੇ ਰੁਪਿਆ ਕਿੱਥੇ ਪਹੁੰਚ ਗਿਆ ਹੈ। ਇੱਕ ਡਾਲਰ 85 ਰੁਪਏ ਹੋ ਗਿਆ ਹੈ। 10 ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਡਾਲਰ ਦਾ ਰੇਟ 45 ਰੁਪਏ ਪ੍ਰਤੀ ਡਾਲਰ ਸੀ, ਜੋ ਅੱਜ 85 ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੂੰ ਹਰ ਖੇਤਰ ਦਾ ਗਿਆਨ ਨਹੀਂ ਹੈ।
'ਚੁਣੇ ਹੋਏ ਲੋਕਾਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ'
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, ਪਹਿਲਾਂ ਖੇਤੀ ਕਾਨੂੰਨ ਬਣਾਏ ਗਏ ਤੇ ਫਿਰ ਇੱਕ ਸਾਲ ਬਾਅਦ ਖੇਤੀ ਕਾਨੂੰਨ ਵਾਪਸ ਲੈ ਲਏ ਗਏ। ਦੇਸ਼ ਦੇ ਕਿਸਾਨਾਂ ਨੂੰ ਇੱਕ ਸਾਲ ਤੱਕ ਦਿੱਲੀ ਦੀ ਸਰਹੱਦ 'ਤੇ ਬੈਠੇ ਰੱਖਿਆ ਗਿਆ। ਦੇਸ਼ ਵਿੱਚ ਨਵੀਂ ਸੰਸਦ ਦੀ ਸਥਾਪਨਾ ਕੀਤੀ ਗਈ ਹੈ, ਇਸ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਪਰ ਉਸ ਪਾਰਲੀਮੈਂਟ ਵਿੱਚ ਬੋਲਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਜਦੋਂ ਕਿ ਦੇਸ਼ ਦੇ ਲੋਕਾਂ ਦੁਆਰਾ ਚੁਣੇ ਗਏ ਲੋਕਾਂ ਨੂੰ ਸੰਸਦ ਵਿੱਚ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ ਹੈ।
ਕੇਂਦਰ ਦੀ ਮੋਦੀ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ
ਦੱਸ ਦੇਈਏ ਕਿ 19 ਮਈ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ ਰਿਜ਼ਰਵ ਬੈਂਕ ਨੇ 2,000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਰਿਜ਼ਰਵ ਬੈਂਕ ਮੁਤਾਬਕ 2 ਹਜ਼ਾਰ ਦੇ ਨੋਟ 30 ਸਤੰਬਰ ਤੱਕ ਵੈਧ ਰਹਿਣਗੇ। ਬੈਂਕ ਦੇ ਇਸ ਫੈਸਲੇ ਤੋਂ ਬਾਅਦ ਕਾਂਗਰਸ ਨੇਤਾਵਾਂ ਵਲੋਂ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਜੈਰਾਮ ਰਮੇਸ਼, ਪਵਨ ਖੇੜਾ, ਗੌਰਵ ਬੱਲਭ ਸਮੇਤ ਸਾਰੇ ਕਾਂਗਰਸੀ ਨੇਤਾਵਾਂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।