ਚੰਡੀਗੜ੍ਹ: ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਹੋਣ ਮਗਰੋਂ ਸੂਬੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋਇਆ। ਇਸ ਦੌਰਾਨ 17 ਮਾਰਚ, 2019 ਤੋਂ ਹੁਣ ਤਕ 2,21,480 ਲਾਈਸੈਂਸੀ ਹਥਿਆਰ ਜਮ੍ਹਾਂ ਹੋ ਚੁੱਕੇ ਹਨ। ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਡਾ. ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਵੱਖ-ਵੱਖ ਸਰਵੀਲੈਂਸ ਟੀਮਾਂ ਵੱਲੋਂ ਕਾਰਵਾਈ ਕੀਤੀ ਗਈ ਜਿਸ ਦੌਰਾਨ 49,574 ਲੀਟਰ ਸ਼ਰਾਬ ਫੜੀ ਗਈ ਹੈ। ਇਸ ਦੀ ਕੀਮਤ 96 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਫੜ੍ਹੇ ਗਏ ਹਨ, ਜਿਨ੍ਹਾਂ ਦੀ ਕੀਮਤ 57.45 ਕਰੋੜ ਹੈ।
ਇਸ ਤੋਂ ਪਹਿਲਾਂ 11 ਮਾਰਚ ਨੂੰ ਚੋਣਾਂ ਦੇ ਐਲਾਨ ਤੋਂ ਬਾਅਦ 14 ਮਾਰਚ ਤਕ 23 ਕਰੋੜ ਰੁਪਏ ਤੋਂ ਵੱਧ ਦੀਆਂ ਪਾਬੰਦੀਸ਼ੁਦਾ ਵਸਤਾਂ ਤੇ ਨਕਦੀ ਜ਼ਬਤ ਕੀਤੀ ਗਈ। ਪੰਜਾਬ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਚੋਣ ਜਾਬਤੇ ਦੌਰਾਨ ਵੱਡੇ ਪੱਧਰ 'ਤੇ ਬਰਾਮਦਗੀਆਂ ਹੋਈਆਂ ਹਨ।
ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਚੋਣ ਜ਼ਾਬਤੇ ਦੇ ਨਿਯਮਾਂ ਵਿੱਚ ਮੈਨੀਫੈਸਟੋ ਨਾਲ ਸਬੰਧਤ ਪ੍ਰਬੰਧਾਂ ਵਿੱਚ ਕੁਝ ਬਦਲਾਅ ਕੀਤੇ ਹਨ ਜਿਸ ਤੋਂ ਬਾਅਦ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ 48 ਘੰਟੇ, ਯਾਨੀ ਦੋ ਦਿਨ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਜਾਰੀ ਨਹੀਂ ਕਰ ਸਕਣਗੀਆਂ। ਪਹਿਲਾਂ ਇਹ ਸਮਾਂ ਹੱਦ 72 ਘੰਟੇ ਹੁੰਦੀ ਸੀ।