ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਅੰਦੋਲਨ ਜਾਰੀ ਹੈ। 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਕਿਸਾਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦਾ ਹਰ ਵਰਗ ਕਿਸਾਨ ਅੰਦੋਲਨ ਵਿੱਚ ਸਹਿਯੋਗ ਦੇ ਰਿਹਾ ਹੈ। ਬਰਨਾਲਾ ਦੇ ਇੱਕ ਏਸੀ ਮਕੈਨਿਕ ਅਤੇ ਉਸਦੇ ਸਾਥੀ ਦੁਕਾਨਦਾਰਾਂ ਵੱਲੋਂ ਕਿਸਾਨੀ ਅੰਦੋਲਨ ਲਈ ਝੰਡੇ ਤਿਆਰ ਕੀਤੇ ਜਾ ਰਹੇ ਹਨ।
ਹਜ਼ਾਰਾਂ ਦੀ ਗਿਣਤੀ ਵਿੱਚ ਹੁਣ ਤੱਕ ਕਿਸਾਨੀ ਝੰਡੇ ਤਿਆਰ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਮੁਫ਼ਤ ਵਿੱਚ ਵੰਡਣ ਦੀ ਸੇਵਾ ਕੀਤੀ ਜਾ ਚੁੱਕੀ ਹੈ। 26 ਜਨਵਰੀ ਦੀ ਟਰੈਕਟਰ ਪਰੇਡ ਲਈ ਪੂਰੀ ਤਿਆਰੀ ਨਾਲ ਕਿਸਾਨੀ ਝੰਡੇ ਤਿਆਰ ਹੋ ਰਹੇ ਹਨ। ਏਸੀ ਮਕੈਨਿਕ ਜਗਤਾਰ ਸਿੰਘ ਨੇ ਝੰਡਿਆਂ ਦੀ ਘਾਟ ਮਹਿਸੂਸ ਕਰਦਿਆਂ ਯੂਟਿਊਬ ਤੋਂ ਸਿਖਲਾਈ ਲੈ ਕੇ ਕਿਸਾਨੀ ਝੰਡੇ ਤਿਆਰ ਕਰਨੇ ਸ਼ੁਰੂ ਕੀਤੇ। ਝੰਡਿਆਂ ਉਪਰ ਸਿਰਫ਼ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਲਿਖਿਆ ਜਾ ਰਿਹਾ ਹੈ।
ਇਹ ਝੰਡੇ ਬਿਲਕੁਲ ਮੁਫ਼ਤ ਵਿੱਚ ਵੰਡੇ ਜਾ ਰਹੇ ਹਨ। ਇਸ ਸਬੰਧੀ ਜਗਤਾਰ ਸਿੰਘ, ਬਲਕਰਨ ਸਿੰਘ ਅਤੇ ਡਾ.ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਗਏ ਸਨ। ਜਿੱਥੇ ਉਹਨਾਂ ਨੂੰ ਕਿਸਾਨੀ ਝੰਡਿਆਂ ਦੀ ਘਾਟ ਦਿਖਾਈ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਝੰਡੇ ਤਿਆਰ ਕਰਨ ਦਾ ਮਨ ਬਣਾਇਆ। ਆਨਲਾਈਨ ਯੂਟਿਊਬ ’ਤੇ ਝੰਡੇ ਤਿਆਰ ਕਰਨ ਦੀ ਵਿਧੀ ਦੀ ਸਿਖਲਾਈ ਲੈਣ ਤੋਂ ਬਾਅਦ ਝੰਡੇ ਤਿਆਰ ਕੀਤੇ ਜਾਣ ਲੱਗੇ।
ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨੀ ਝੰਡੇ ਤਿਆਰ ਕਰਕੇ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਵੰਡੇ ਜਾ ਚੁੱਕੇ ਹਨ। ਝੰਡੇ ਤਿਆਰ ਕਰਨ ਲਈ ਉਨ੍ਹਾਂ ਵੱਲੋਂ ਕੱਪੜਾ ਦੁਕਾਨਾਂ ਤੋਂ ਖ਼ਰੀਦ ਕੇ ਉਸ ’ਤੇ ਛਾਪੇ ਲਗਾਏ ਜਾ ਰਹੇ ਹਨ।
ਆਉਣ ਵਾਲੀ 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿਖੇ ਟਰੈਕਟਰ ਪਰੇਡ ਕੀਤੀ ਜਾਣੀ ਹੈ। ਜਿਸਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵੱਲੋਂ ਝੰਡੇ ਪੂਰੇ ਜੋਰਾਂ ’ਤੇ ਬਣਾਏ ਜਾ ਰਹੇ ਹਨ ਤਾਂ ਕਿ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਝੰਡੇ ਦਿੱਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਹਨਾਂ ਝੰਡਿਆਂ ਉਪਰ ਸਿਰਫ਼ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਿਖਿਆ ਗਿਆ ਹੈ। ਜਿਸ ਕਰਕੇ ਹਰ ਵਿਅਕਤੀ ਇਹਨਾਂ ਝੰਡਿਆਂ ਨੂੰ ਆਪਣੇ ਵਹੀਕਲਾਂ ਅਤੇ ਘਰਾਂ ’ਤੇ ਲਗਾ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ