Punjab News: ਕਪੂਰਥਲਾ 'ਚ ਧੁੰਦ ਕਾਰਨ ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਪਿੰਡ ਜਗਜੀਤਪੁਰ ਨੇੜੇ ਸ਼ਨੀਵਾਰ ਸਵੇਰੇ ਇੱਕ ਮਿੰਨੀ ਬੱਸ ਤੇ ਬਾਈਕ ਰਿਹੜੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਇੱਕ ਬੱਚੇ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ ਡੇਢ ਸਾਲ ਦੀ ਬੱਚੀ ਸਮੇਤ ਦੋ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਰਾਵਲਪਿੰਡੀ ਦੇ ਐਸਐਚਓ ਕਿਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿਰਕ ਵਾਸੀ ਰਾਮਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਉਸ ਨੂੰ ਮਿਲਣ ਲਈ ਬਾਈਕ ਰਿਹੜੀ ’ਤੇ ਆਏ ਸੀ। ਉਸ ਨੇ ਦੱਸਿਆ ਕਿ ਜਦੋਂ ਇਹ ਲੋਕ ਵਾਪਸ ਹੁਸ਼ਿਆਰਪੁਰ ਵੱਲ ਜਾ ਰਹੇ ਸਨ ਤਾਂ ਪਿੰਡ ਜਗਜੀਤਪੁਰ ਨੇੜੇ ਮਿੰਨੀ ਬੱਸ ਨਾਲ ਇਨ੍ਹਾਂ ਦੀ ਟੱਕਰ ਹੋ ਗਈ।
ਮੌਕੇ 'ਤੇ ਪਹੁੰਚੇ ਰਾਵਲਪਿੰਡੀ ਥਾਣੇ ਦੇ ਐੱਸਐੱਚਓ ਕਿਰਪਾਲ ਸਿੰਘ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ 9 ਵਜੇ ਹੁਸ਼ਿਆਰਪੁਰ ਦੀ ਬਲਵੀਰ ਕਾਲੋਨੀ 'ਚ ਰਹਿੰਦੇ ਇੱਕ ਪਰਿਵਾਰ ਦੇ 5 ਵਿਅਕਤੀ ਬਾਈਕ ਰਿਹੜੀ 'ਤੇ ਫਗਵਾੜਾ ਤੋਂ ਵਾਪਸ ਹੁਸ਼ਿਆਰਪੁਰ ਵੱਲ ਜਾ ਰਹੇ ਸਨ। ਪਿੰਡ ਜਗਜੀਤਪੁਰ ਨੇੜੇ ਇੱਕ ਨਿੱਜੀ ਮਿੰਨੀ ਬੱਸ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਐਸਐਚਓ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਗਰੀਬਦਾਸ, ਉਸਦੀ ਸੱਸ ਫੂਲਵਤੀ ਤੇ ਉਸਦੇ ਤਿੰਨ ਸਾਲਾ ਬੱਚੇ ਮਨਪ੍ਰੀਤ ਦੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਰਜਨੀ ਤੇ ਉਸ ਦੀ ਡੇਢ ਸਾਲ ਦੀ ਬੇਟੀ ਗੁਰਪ੍ਰੀਤ ਜ਼ਖ਼ਮੀ ਹੋ ਗਈ, ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਾਈਵੇਟ ਮਿੰਨੀ ਬੱਸ ਇੱਕ ਮਿੱਲ ਦੀ ਲੇਬਰ ਦੀ ਢੋਆ-ਢੁਆਈ ਦਾ ਕੰਮ ਕਰਦੀ ਹੈ। ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਐਸਐਚਓ ਕਿਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਜ਼ਖ਼ਮੀ ਰਜਨੀ ਦੇ ਬਿਆਨਾਂ ’ਤੇ ਮਿੰਨੀ ਬੱਸ ਚਾਲਕ ਜਸਵਿੰਦਰ ਸਿੰਘ ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਨੂੰ ਵੀ ਰਾਊਂਡਅਪ ਕਰ ਲਿਆ ਗਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ