ਅੰਮ੍ਰਿਤਸਰ: ਦਿਹਾਤੀ ਪੁਲਿਸ ਨੇ ਅੱਜ ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਸ਼ੂਟਰ ਤੇ ਤਿੰਨ ਨਸ਼ਾ ਤਸਕਰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਸ਼ੂਟਰ ਕਿਸੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਨ੍ਹਾਂ ਸ਼ੂਟਰਾਂ/ਤਸਕਰਾਂ ਕੋਲੋਂ ਪੰਜ ਹਥਿਆਰ, ਡੇਢ ਕਿਲੋ ਹੈਰੋਇਨ ਤੇ 9 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਵਪਨ ਸ਼ਰਮਾ ਮੁਤਾਬਕ ਜੱਗੂ ਗੈਂਗ ਵੱਲੋਂ ਤਿੰਨ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਤੇ ਦੋ ਡਕੈਤੀਆਂ ਵੀ ਗੈਂਗ ਦੀ ਪਲਾਨਿੰਗ ਦਾ ਹਿੱਸਾ ਸੀ। ਪੁਲਿਸ ਨੂੰ ਉਕਤ ਸ਼ੂਟਰਾਂ ਦਾ ਸੁਰਾਗ ਜੰਡਿਆਲਾ ਗੁਰੂ ਵਿਖੇ ਹੋਏ ਐਨਕਾਊਂਟਰ ਦੌਰਾਨ ਫੜੇ ਗਏ ਦੋ ਗੈਂਗਸਟਰਾਂ ਦੀ ਪੁੱਛਗਿੱਛ ਦੌਰਾਨ ਲੱਗਾ ਸੀ ਜਿਨਾਂ ਨੂੰ ਸਪੈਸ਼ਲ ਸੈੱਲ ਦੀ ਟੀਮ 'ਤੇ ਫਾਇਰਿੰਗ ਕਰਨ ਤੋਂ ਬਾਅਦ ਸਪੈਸ਼ਲ ਸੈਲ ਦੀ ਹੀ ਟੀਮ ਵੱਲੋਂ ਦੇਵੀਦਾਸਪੁਰਾ ਤੋਂ ਕਾਬੂ ਕੀਤਾ ਸੀ। ਸਵਪਨ ਸ਼ਰਮਾ ਅੱਜ ਪ੍ਰੈੱਸ ਕਾਨਫਰੰਸ 'ਚ ਉਕਤ ਗੈਂਗ ਵੱਲੋਂ ਪਲਾਨ ਕੀਤੀਆਂ ਵਾਰਦਾਤਾਂ ਬਾਰੇ ਜਾਣਕਾਰੀ ਦੇ ਸਕਦੇ ਹਨ।
ਗੈਂਗਸਟਰ ਗੋਲਡੀ ਬਰਾੜ ਵੱਲੋਂ ਪੰਜਾਬ ਪੁਲਿਸ ਨੂੰ ਧਮਕੀ
ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝਾ ਕੀਤਾ ਹੈ ਉਸ 'ਚ ਪੰਜਾਬ ਪੁਲਿਸ ਨੂੰ ਧਮਕੀ ਦਿਤੀ ਹੈ। ਜਿਸ ਤੋਂ ਜੇਲ੍ਹ ਮੰਤਰੀ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਹੈ। ਗੋਲਡੀ ਨੇ ਕਿਹਾ ਕਿ ਸਾਡੇ ਭਰਾ ਸਾਰਜ ਸੰਧੂ, ਬੌਬੀ ਮਲਹੋਤਰਾ ਅਤੇ ਜਗਰੋਸ਼ਨ ਹੁੰਦਲ ਨੂੰ ਬਠਿੰਡਾ ਜੇਲ੍ਹ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਮੂਸੇਵਾਲਾ ਕਤਲਕਾਂਡ ਵਰਗੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਪਵੇਗਾ। ਗੋਲਡੀ ਨੇ ਇਹ ਧਮਕੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਗੋਲਡੀ ਬਰਾੜ ਨੇ ਕਿਹਾ ਹੈ ਕਿ ਬਠਿੰਡਾ ਜੇਲ੍ਹ 'ਚ ਇੰਦਰਜੀਤ ਕਾਹਲੋਂ ਵੱਲੋਂ ਬੌਬੀ ਮਲਹੋਤਰਾ, ਸਾਰਜ ਸੰਧੂ ਅਤੇ ਜਗਰੋਸ਼ਨ ਹੁੰਦਲ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਸਾਡੇ ਭਰਾਵਾਂ ਤੋਂ ਪੈਸੇ ਮੰਗਦਾ ਹੈ। ਉਹ ਬਿਨਾਂ ਕਾਰਨ ਉਨ੍ਹਾਂ ਨੂੰ ਕੁੱਟਦਾ ਹੈ। ਮੈਂ ਪੰਜਾਬ ਸਰਕਾਰ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਮੰਗ ਕਰਦਾ ਹਾਂ ਕਿ ਸਾਡੇ ਭਰਾਵਾਂ ਦੀ ਜੇਲ੍ਹ ਨੂੰ ਬਦਲਿਆ ਜਾਵੇ। ਡਿਪਟੀ ਕਾਹਲੋਂ ਵਿਰੁੱਧ ਕਾਰਵਾਈ ਕੀਤੀ ਜਾਵੇ। ਜੇਕਰ ਸਾਡੇ ਭਰਾਵਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਜੇਲ੍ਹ ਪੁਲਿਸ ਦੀ ਹੋਵੇਗੀ।
ਪੁਲਿਸ ਸਾਨੂੰ ਦੁਬਾਰਾ ਕੋਈ ਵੱਡਾ ਅਪਰਾਧ ਕਰਨ ਲਈ ਮਜਬੂਰ ਨਾ ਕਰੇ। ਡੀਜੀਪੀ ਗੌਰਵ ਯਾਦਵ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਆਪਣੀ ਡਿਊਟੀ ਨਿਭਾਉਣ। ਜੇਕਰ ਵਿੱਕੀ ਮਿੱਡੂਖੇੜਾ ਅਤੇ ਸੰਦੀਪ ਨੰਗਲ ਅੰਬੀਆ ਨੂੰ ਪਹਿਲਾਂ ਹੀ ਇਨਸਾਫ ਮਿਲ ਗਿਆ ਹੁੰਦਾ ਤਾਂ ਅਸੀਂ ਸਿੱਧੂ ਮੂਸੇਵਾਲਾ ਨੂੰ ਨਾ ਮਾਰਦੇ। ਮੁੱਕਦੀ ਗੱਲ ਇਹ ਹੈ ਕਿ ਜੋ ਕੋਈ ਸਾਡੀਆਂ ਵਿਰੋਧੀ ਪੋਸਟਾਂ ਪਾ ਰਿਹਾ ਹੈ ਕਿ ਅਸੀਂ ਬਦਲਾ ਲਵਾਂਗੇ। ਉਹ ਪਹਿਲਾਂ ਆਪਣੀ ਜਾਨ ਬਚਾ ਲਵੇ, ਬਾਕੀ ਬਾਅਦ ਵਿੱਚ ਵੇਖੇ। ਗੋਲਡੀ ਨੇ ਹੇਠਾਂ ਜੱਗੂ ਭਗਵਾਨਪੁਰੀਆ ਗਰੁੱਪ ਅਤੇ ਲਾਰੈਂਸ ਗਰੁੱਪ ਦਾ ਨਾਂ ਲਿਖਿਆ ਹੈ।