Punjab News : ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਤੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ 3 ਸ਼ਰਧਾਲੂ ਲਾਪਤਾ ਹੋ ਗਏ ਹਨ। ਇਹ ਤਿੰਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ। 25 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਾਂਦੇ ਸਮੇਂ ਇਹ ਜਥੇ ਤੋਂ ਵੱਖ ਹੋ ਗਏ। ਫਿਲਹਾਲ ਇਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

Continues below advertisement

24 ਨਵੰਬਰ ਨੂੰ ਪਾਕਿਸਤਾਨ ਗਿਆ ਸੀ ਜਥਾ

ਜਾਣਕਾਰੀ ਮੁਤਾਬਕ 24 ਨਵੰਬਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ 2,339 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ ਸੀ। ਇਸ ਜਥੇ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਗਏ ਸਨ। ਜਥਾ 22 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਸੀ ਅਤੇ 23 ਤੇ 24 ਨਵੰਬਰ ਨੂੰ ਉੱਥੇ ਹੀ ਰਿਹਾ। ਇਸ ਤੋਂ ਬਾਅਦ 25 ਨਵੰਬਰ ਨੂੰ ਜਦੋਂ ਜਥਾ ਪੰਜਾ ਸਾਹਿਬ ਲਈ ਰਵਾਨਾ ਹੋਇਆ ਤਾਂ ਰਸਤੇ ਵਿੱਚ ਤਿੰਨ ਸ਼ਰਧਾਲੂ ਲਾਪਤਾ ਹੋ ਗਏ।

Continues below advertisement

ਤਿੰਨਾਂ ਦੀ ਹੋਈ ਪਛਾਣ

ਲਾਪਤਾ ਹੋਏ ਸ਼ਰਧਾਲੂਆਂ ਦੀ ਪਛਾਣ ਬਿਕਰ ਸਿੰਘ ਵਾਸੀ ਜਲੰਧਰ, ਬਿਕਰਮਜੀਤ ਸਿੰਘ ਵਾਸੀ ਤਰਨਤਾਰਨ ਅਤੇ ਹਰਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।

DSGMC ਨੇ ਪਾਕਿਸਤਾਨ ਸਰਕਾਰ ਤੋਂ ਮੰਗੀ ਜਾਂਚ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਦੋਂ ਤੱਕ ਲਾਪਤਾ ਸ਼ਰਧਾਲੂਆਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ, ਉਦੋਂ ਤੱਕ ਕੁਝ ਵੀ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਕਈ ਵਾਰ ਲੋਕ ਆਪਣੀ ਮਰਜ਼ੀ ਨਾਲ ਵੀ ਜਥੇ ਤੋਂ ਵੱਖ ਹੋ ਜਾਂਦੇ ਹਨ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੁਝ ਲੋਕਾਂ ਦੀ ਅਜਿਹੀ ਹਰਕਤ ਕਾਰਨ ਹਰ ਸਾਲ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸਮੁੱਚੀ ਸੰਗਤ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਹਿਲਾਂ ਸਰਬਜੀਤ ਕੌਰ ਵੀ ਹੋਈ ਸੀ ਲਾਪਤਾ

ਇਸ ਤੋਂ ਪਹਿਲਾਂ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਵੀ 2025 ਵਿੱਚ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ, ਪਰ 13 ਨਵੰਬਰ ਨੂੰ ਜਥੇ ਦੇ ਭਾਰਤ ਪਰਤਣ ਸਮੇਂ ਉਹ ਵਾਪਸ ਨਹੀਂ ਆਈ। ਬਾਅਦ ਵਿੱਚ ਸਾਹਮਣੇ ਆਇਆ ਸੀ ਕਿ ਉਸ ਨੇ ਪਾਕਿਸਤਾਨ ਦੇ ਸ਼ੇਖੂਪੁਰਾ ਵਾਸੀ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਸੀ ਅਤੇ ਇਸਲਾਮ ਕਬੂਲ ਕਰਕੇ ਆਪਣਾ ਨਾਂ ਨੂਰ ਹੁਸੈਨ ਰੱਖ ਲਿਆ ਸੀ।

DSGMC ਪ੍ਰਧਾਨ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਿੰਨਾਂ ਲਾਪਤਾ ਸ਼ਰਧਾਲੂਆਂ ਦੇ ਮਾਮਲੇ ਦੀ ਜਲਦ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਉਹ ਆਪਣੀ ਮਰਜ਼ੀ ਨਾਲ ਜਥੇ ਤੋਂ ਵੱਖ ਹੋਏ ਹਨ ਜਾਂ ਉਨ੍ਹਾਂ ਨਾਲ ਕੋਈ ਅਣਹੋਣੀ ਘਟਨਾ ਵਾਪਰੀ ਹੈ।