ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਲੋਕ ਸਭਾ ਚੋਣਾਂ ਕਰਕੇ ਲਾਗੂ ਚੋਣ ਜ਼ਾਬਤੇ ਦਰਮਿਆਨ ਪੁਲਿਸ ਨੇ 30 ਕਿਲੋ ਅਫੀਮ ਅਤੇ 17 ਲੱਖ ਰੁਪਏ ਤੋਂ ਵੱਧ ਦੀ ਨਕਦੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਇਹ ਅਫ਼ੀਮ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਸਪਲਾਈ ਕੀਤੀ ਜਾਣੀ ਸੀ।
ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਪ੍ਰੈਸ ਕਾਨਫਰੰਸ ਕਰ ਪੱਤਰਕਾਰਾਂ ਨੂੰ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਸ਼ਹਿਰ ਦੇ ਅਬੋਹਰ ਰੋਡ 'ਤੇ ਗਲੀ ਨੰਬਰ 6 ਵਿਚ ਸਵਿਫਟ ਕਾਰ (HR 26 BE 8445) ਨੂੰ ਰੋਕਿਆ। ਪੁਲਿਸ ਗੱਡੀ ਦੇਖ ਕੇ ਕਾਰ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 30 ਕਿੱਲੋ ਅਫੀਮ ਅਤੇ 17,85,400 ਰੁਪਏ ਵੀ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਰਿੰਕੂ, ਰਾਜ ਕੁਮਾਰ, ਸ਼ੈੱਟੀ ਵਜੋਂ ਕੀਤੀ ਗਈ ਹੈ।
ਐਸਐਸਪੀ ਨੇ ਦੱਸਿਆ ਕਿ ਰਾਜ ਕੁਮਾਰ ਆਪਣੇ ਭਤੀਜੇ ਸ਼ੈੱਟੀ ਅਤੇ ਭਾਣਜੇ ਰਿੰਕੂ ਨਾਲ ਰਲ ਕੇ ਲੰਮੇ ਸਮੇਂ ਤੋਂ ਅਫੀਮ ਦਾ ਕਾਰੋਬਾਰ ਕਰ ਰਿਹਾ ਸੀ , ਇਸ ਤੋਂ ਇਲਾਵਾ ਇਹ ਮੁਲਜ਼ਮ ਮੱਧ ਪ੍ਰਦੇਸ਼ , ਰਾਜਸਥਾਨ ਅਤੇ ਝਾਰਖੰਡ ਤੋਂ ਅਫੀਮ ਮੰਗਵਾ ਕੇ ਜ਼ਿਲ੍ਹਾ ਫ਼ਾਜ਼ਿਲਕਾ, ਫ਼ਿਰੋਜ਼ਪੁਰ,ਮੋਗਾ ਤੇ ਲੁਧਿਆਣਾ ਵਿੱਚ ਸਪਲਾਈ ਕਰਦੇ ਸਨ। ਰਾਜ ਕੁਮਾਰ ਖ਼ਿਲਾਫ਼ ਸਾਲ 2003 ਵਿੱਚ ਵੀ 10 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।