3442 Teachers Union : ਸਿੱਖਿਆ ਵਿਭਾਗ ਦੇ 3442 ਅਧਿਆਪਕਾਂ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। 3442 ਅਧਿਆਪਕਾਂ ਨੂੰ ਪਹਿਲੇ ਤਿੰਨ ਸਾਲਾਂ ਲਈ ਤੈਅ ਤਨਖ਼ਾਹ ਦੀ ਬਜਾਏ ਸੇਵਾ ਨਿਯਮਾਂ ਤਹਿਤ ਬਣਾਇਆ ਗਿਆ ਪੇ ਸਕੇਲ ਹੀ ਮਿਲੇਗਾ।
10 ਸਾਲ ਪਹਿਲਾਂ ਜਦੋਂ ਇਹ ਭਰਤੀ ਕੱਢੀ ਗਈ ਸੀ ਤਾਂ ਉਸ ਸਮੇਂ ਜਿਹੜੇ ਨਿਯਮਾਂ ਤਹਿਤ ਭਰਤੀ ਹੋਈ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਜਿਸ ਖਿਲਾਫ਼ ਇਹ ਮਾਮਲਾ ਹਾਈ ਕੋਰਟ ਪਹੁੰਚਿਆ ਸੀ। ਸ਼ੁੱਕਰਵਾਰ ਨੂੰ ਹਾਈ ਕੋਰਟ 'ਚ ਲਏ ਇਕ ਅਹਿਮ ਫੈਸਲੇ 'ਚ 3442 ਅਧਿਆਪਕ ਯੂਨੀਅਨ ਨੂੰ ਇਹ ਰਾਹਤ ਦਿੱਤੀ ਗਈ ਹੈ।
ਇਹ ਕੇਸ ਪਟੀਸ਼ਨਰ ਅਮਨਪ੍ਰੀਤ ਸਿੰਘ ਅਤੇ 3442 ਅਧਿਆਪਕ ਯੂਨੀਅਨ ਵੱਲੋਂ 2013 ਤੋਂ ਲੜਿਆ ਜਾ ਰਿਹਾ ਸੀ। ਅਧਿਆਪਕ ਯੂਨੀਅਨ ਵੱਲੋਂ ਨਿਰਮਲ ਸਿੰਘ ਅਤੇ ਮਨਪ੍ਰੀਤ ਸਿੰਘ ਅਦਾਲਤ ਵਿੱਚ ਹਾਜ਼ਰ ਸਨ। ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਣਾਉਂਦੇ ਹੋਏ ਕਰਮਚਾਰੀਆਂ ਨੂੰ ਠੇਕੇ 'ਤੇ ਕੰਮ ਕਰਨ ਦੇ ਤਿੰਨ ਸਾਲ ਦੇ ਸਮੇਂ ਦੇ ਸਾਰੇ ਲਾਭ ਵਿਆਜ ਸਮੇਤ ਦੇਣ ਲਈ ਕਿਹਾ ਹੈ।
ਸਾਲ 2011 ਵਿੱਚ ਜਿਹੜੇ ਸੇਵਾ ਨਿਯਮਾਂ ਤਹਿਤ 3442 ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ ਉਹਨਾਂ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਉਕਤ ਸੇਵਾ ਨਿਯਮਾਂ ਤਹਿਤ ਭਰਤੀ ਕਰਕੇ ਪੁਰਾਣੇ ਸੇਵਾ ਲਾਭ ਦਿੱਤੇ ਗਏ ਸਨ। ਬਾਕੀ ਭਰਤੀ ਨਵੇਂ ਨਿਯਮਾਂ ਦੇ ਆਧਾਰ 'ਤੇ ਕੀਤੀ ਗਈ ਸੀ ਪਰ 3442 ਅਧਿਆਪਕਾਂ ਨੂੰ ਪੁਰਾਣੇ ਸੇਵਾ ਲਾਭ ਹੀ ਦਿੱਤੇ ਗਏ ਸਨ। ਜਿਸ ਤੋਂ ਬਾਅਦ ਇਹ ਅਧਿਆਪਕ ਅਦਾਲਤ ਵਿੱਚ ਚਲੇ ਗਏ।