ਅੰਮ੍ਰਿਤਸਰ: ਅੱਜ ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਹੈ। ਇਸ ਸਬੰਧੀ ਅੰਮ੍ਰਿਤਸਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਏਜੰਸੀਆਂ ਨੇ ਸ਼ਹਿਰ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਹੈ। ਪੰਜਾਬ ਭਰ ਤੋਂ ਸੱਤ ਹਜ਼ਾਰ ਪੁਲਿਸ ਤੇ ਨੀਮ ਫੌਜੀ ਬਲਾਂ ਦੇ ਜਵਾਨ ਸ਼ਹਿਰ ਦੇ ਹਰ ਕੋਨੇ 'ਤੇ ਨਜ਼ਰ ਰੱਖ ਰਹੇ ਹਨ। ਸ਼ਹਿਰ ਵਿੱਚ ਧਾਰਾ 144 ਲਾਗੂ ਹੈ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਲਾਇਸੈਂਸੀ ਹਥਿਆਰ ਲੈ ਕੇ ਚੱਲਣ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਸ਼ਹਿਰ ਦਾ ਮਾਹੌਲ ਖ਼ਰਾਬ ਨਾ ਹੋਵੇ, ਇਸ ਲਈ ਪੁਲੀਸ ਪੂਰੀ ਨਜ਼ਰ ਰੱਖ ਰਹੀ ਹੈ। ਸ਼ਹਿਰ ਦੇ ਪ੍ਰਵੇਸ਼ ਦੁਆਰ 'ਤੇ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਬੈਰੀਕੇਡਿੰਗ ਰਾਹੀਂ 90 ਥਾਵਾਂ ’ਤੇ ਨਾਕਾਬੰਦੀ ਕੀਤੀ ਗਈ। ਇਸ ਦੇ ਨਾਲ ਹੀ 110 ਪੀਸੀਆਰ ਟੀਮਾਂ ਸ਼ਹਿਰ ਵਿੱਚ ਲਗਾਤਾਰ ਗਸ਼ਤ ਕਰ ਰਹੀਆਂ ਹਨ। ਚਾਰ ਹਜ਼ਾਰ ਸਿਪਾਹੀ ਸਿਰਫ਼ ਦਰਬਾਰ ਸਾਹਿਬ ਦੇ ਆਲੇ-ਦੁਆਲੇ ਅਤੇ ਹੈਰੀਟੇਜ ਸਟਰੀਟ ਵਿਚ ਤਾਇਨਾਤ ਕੀਤੇ ਗਏ ਹਨ। ਪੁਲਿਸ ਦੀਆਂ ਖੁਫੀਆ ਟੀਮਾਂ ਗਰਮ ਖਿਆਲੀਆਂ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਰੇਲਵੇ ਸਟੇਸ਼ਨ, ਬੱਸ ਸਟੈਂਡ, ਸ੍ਰੀ ਦੁਰਗਿਆਣਾ ਤੀਰਥ, ਸ੍ਰੀ ਰਾਮਤੀਰਥ ਤੇ ਮਾਲ ਦੇ ਐਂਟਰੀ ਗੇਟਾਂ ਦੀ ਲਗਾਤਾਰ ਤਲਾਸ਼ੀ ਲਈ ਜਾ ਰਹੀ ਹੈ।
1977 ਦੀਆਂ ਆਮ ਚੋਣਾਂ ਵਿਚ ਹਾਰ ਦੇ ਨਾਲ ਹੀ ਇੰਦਰਾ ਗਾਂਧੀ ਨੂੰ ਪੰਜਾਬ ਸੂਬੇ ਵਿਚ ਵੀ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਸਰਕਾਰ ਆਈ ਤਾਂ ਇਸ ਹਾਰ ਤੋਂ ਛੁਟਕਾਰਾ ਪਾਉਣ ਲਈ ਕਾਂਗਰਸ ਨੇ ਇੱਕ ਅਜਿਹੇ ਬੰਦੇ ਦਾ ਸਹਾਰਾ ਲਿਆ ਜਿਸਨੇ ਸੱਤ ਸਾਲਾਂ ਵਿੱਚ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਉਥਲ-ਪੁਥਲ ਮਚਾ ਦਿੱਤੀ। ਸਾਕਾ ਨੀਲਾ ਤਾਰਾ ਇਸ ਉਥਲ-ਪੁਥਲ ਦਾ ਨਤੀਜਾ ਸੀ, ਜਿਸ ਨੇ ਭਾਰਤੀ ਰਾਜਨੀਤੀ ਦਾ ਰੁਖ ਬਦਲ ਦਿੱਤਾ।
'ਆਪ੍ਰੇਸ਼ਨ ਬਲੂ ਸਟਾਰ' ਭਾਰਤ ਦੇ ਇਤਿਹਾਸ ਦੀ ਅਜਿਹੀ ਇੱਕ ਘਟਨਾ ਹੈ ਜਿਸ ਨੂੰ ਇੰਦਰਾ ਗਾਂਧੀ ਦੀ ਮੌਤ ਦੀ ਸਕ੍ਰਿਪਟ ਕਿਹਾ ਜਾਂਦਾ ਹੈ, ਜੋ ਕਿ ਇੰਦਰਾ ਗਾਂਧੀ ਨੇ ਖੁਦ ਲਿਖੀ ਸੀ। ਅੱਜ ਇਸ ਘਟਨਾ ਨੂੰ 38 ਸਾਲ ਪੂਰੇ ਹੋ ਗਏ ਹਨ। ਅੱਜ ਉਸੇ ਸਾਕਾ ਨੀਲਾ ਤਾਰਾ ਦੀ ਬਰਸੀ ਹੈ। ਸਾਕਾ ਨੀਲਾ ਤਾਰਾ ਅੱਜ ਦੇ ਦਿਨ ਹੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮੌਤ ਨਾਲ ਖਤਮ ਹੋ ਗਿਆ।