Punjab News: ਲੁਧਿਆਣਾ 'ਚ ਪਿਛਲੇ 15 ਦਿਨਾਂ 'ਚ ਸ਼ਿਵ ਸੈਨਾ ਆਗੂਆਂ ਦੇ ਘਰਾਂ 'ਤੇ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਵਾਲੇ 4 ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ।
ਪੈਟਰੋਲ ਬੰਬ ਸੁੱਟ ਕੇ ਭੱਜਣ ਵਾਲੇ ਬਾਈਕ ਸਵਾਰ ਵੀ ਸੇਫ ਸਿਟੀ ਕੈਮਰਿਆਂ 'ਚ ਕੈਦ ਹੋ ਗਏ। ਬਾਈਕ ਦੀ ਦਿੱਖ ਤੇ ਨੰਬਰ ਪਲੇਟ ਦੀ ਮਦਦ ਨਾਲ ਪੁਲਿਸ ਨੇ ਨਵਾਂਸ਼ਹਿਰ ਨੇੜਿਓਂ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਇਹ ਬਦਮਾਸ਼ ਜ਼ਿਆਦਾਤਰ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਿਹਾ ਕਿ ਬੱਬਰ ਖਾਲਸਾ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਆਪਣਾ ਸਲੀਪਰ ਸੈੱਲ ਬਣਾਇਆ ਸੀ। ਇਨ੍ਹਾਂ ਸਲੀਪਰ ਸੈੱਲਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਿਵ ਸੈਨਾ ਆਗੂਆਂ 'ਤੇ ਹਮਲੇ ਕੀਤੇ ਜਾ ਰਹੇ ਸਨ। 16 ਅਕਤੂਬਰ ਦੀ ਰਾਤ ਨੂੰ ਸ਼ਿਵ ਸੈਨਾ ਆਗੂ ਯੋਗੇਸ਼ ਬਖਸ਼ੀ ਦੇ ਘਰ ਦੇ ਬਾਹਰ ਹਮਲਾ ਤੇ ਹੁਣ ਹਰਕੀਰਤ ਸਿੰਘ ਖੁਰਾਣਾ ਦੇ ਘਰ 'ਤੇ ਹਮਲਾ ਇਸੇ ਗਿਰੋਹ ਦੇ ਮੈਂਬਰਾਂ ਨੇ ਕੀਤਾ ਹੈ।
ਇਨ੍ਹਾਂ ਲੋਕਾਂ ਨੇ ਇਸ ਵਾਰਦਾਤ ਨੂੰ ਬੱਬਰ ਖਾਲਸਾ ਦੇ ਡਾਇਰੈਕਟਰ ਹਰਜੀਤ ਸਿੰਘ ਉਰਫ਼ ਲਾਡੀ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਮਨੀਸ਼ ਦੇ ਕਹਿਣ 'ਤੇ ਅੰਜਾਮ ਦਿੱਤਾ ਸੀ। ਪੁਲਿਸ ਨੇ ਇਸ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇਸ ਗਿਰੋਹ ਦਾ ਲਵਪ੍ਰੀਤ ਫਰਾਰ ਹੈ। ਚਾਰ ਮੁਲਜ਼ਮਾਂ ਦੀ ਪਛਾਣ ਮਨੀਸ਼, ਰਵਿੰਦਰ ਪਾਲ ਸਿੰਘ, ਜਸਵਿੰਦਰ ਅਤੇ ਅਨਿਲ ਵਜੋਂ ਹੋਈ ਹੈ।
ਪਿਛਲੇ ਸਾਲ ਨੰਗਲ ਵਿੱਚ ਬਾਈਕ ਸਵਾਰਾਂ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਕੇਸ ਵਿੱਚ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਵੀ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਪ੍ਰਭਾਕਰ ਦਾ ਕਤਲ ਉਨ੍ਹਾਂ ਦੇ ਹੀ ਗਰੋਹ ਦੇ ਮੈਂਬਰਾਂ ਨੇ ਹਰਜੀਤ ਸਿੰਘ ਦੇ ਕਹਿਣ 'ਤੇ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਕਬੂਲ ਕੀਤਾ ਹੈ ਕਿ ਉਹ ਕੁਝ ਰੁਪਏ ਲਈ ਮਨੀਸ਼ ਦੇ ਕਹਿਣ 'ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਕਮਿਸ਼ਨਰ ਚਾਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਆਗੂ ਦੇ ਨਿਸ਼ਾਨੇ ’ਤੇ ਕਈ ਹੋਰ ਆਗੂ ਵੀ ਹਨ। ਜਿੱਥੇ ਵੀ ਉਹ ਮਾਹੌਲ ਖ਼ਰਾਬ ਕਰਨ ਲਈ ਕਿਸੇ ਆਗੂ 'ਤੇ ਹਮਲਾ ਕਰਨ ਜਾਂ ਪੈਟਰੋਲ ਬੰਬ ਸੁੱਟਣ ਦਾ ਹੁਕਮ ਦਿੰਦਾ ਸੀ, ਉੱਥੇ ਹੀ ਉਸ ਨੂੰ ਅੰਜ਼ਾਮ ਦਿੰਦੇ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।