ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਪੰਜਾਬ ਦੇ ਮਨੀਕਰਨ ਸਾਹਿਬ ਜਾਂਦੇ ਸੱਤ ਸ਼ਰਧਾਲੂਆਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਕਾਰ ਸਵਾਰ ਜੀਅ ਆਪਸ ਵਿੱਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਦੀਦਾਰ ਸਿੰਘ (50), ਸ਼ੀਤਲ ਸਿੰਘ (60), ਗੁਰਪ੍ਰੀਤ ਸਿੰਘ (55) ਅਤੇ ਸੁੱਖਾ ਸਿੰਘ (60) ਵਜੋਂ ਹੋਈ ਹੈ। ਪਰਮਜੀਤ ਸਿੰਘ (53), ਕਸ਼ਮੀਰ ਸਿੰਘ (60) ਅਤੇ ਜੀਤ ਸਿੰਘ (50) ਹਾਦਸੇ ਵਿੱਚ ਜ਼ਖ਼ਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਪਿੰਡ ਸੈਫ਼ਲਾਬਾਦ ਦਾ ਇਹ ਪਰਿਵਾਰ ਮਨੀਕਰਨ ਸਾਹਿਬ ਜਾ ਰਿਹਾ ਸੀ। ਜਦ ਇਹ ਆਨੰਦਪੁਰ ਸਾਹਿਬ ਮੱਥਾ ਟੇਕ ਮਨੀਕਰਨ ਸਾਹਿਬ ਵੱਲ ਵਧੇ ਤਾਂ ਰਸਤੇ ਵਿੱਚ ਬਿਲਾਸਪੁਰ ਕੋਲ ਹਾਦਸੇ ਦਾ ਸ਼ਿਕਾਰ ਹੋ ਗਏ। ਮ੍ਰਿਤਕ ਸਾਰੇ ਬਜ਼ੁਰਗ ਹਨ ਅਤੇ ਤਿੰਨ ਜ਼ਖਮੀਆਂ ਨੂੰ ਨਾਲਾਗੜ੍ਹ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।