Punjab News: ਕਿਸਾਨਾਂ ਨੇ ਸ਼ੰਭੂ ਸਰਹੱਦ ਤੋਂ ਦਿੱਲੀ ਤੱਕ ਮਾਰਚ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਗੱਲ ਦਾ ਪ੍ਰਗਟਾਵਾ ਕਿਸਾਨ ਆਗੂਆਂ ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ 6 ਦਸੰਬਰ ਨੂੰ ਕਿਸਾਨ ਪੈਦਲ ਦਿੱਲੀ ਲਈ ਰਵਾਨਾ ਹੋਣਗੇ।
ਸਰਵਨ ਸਿੰਘ ਪੰਧੇਰ ਨੇ ਆਉਣ ਵਾਲੀ 6 ਤਰੀਕ ਤੋ ਸ਼ੰਭੂ ਮੋਰਚੇ ਤੋਂ ਮਰਜੀਵੜੇ ਜੱਥਿਆ ਦੇ ਦਿੱਲੀ ਕੂਚ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਰਜੀਵੜੇ ਜੱਥੇ ਸ਼ੰਭੂ ਤੋਂ ਦਿੱਲੀ ਵੱਲ ਸ਼ਾਂਤਮਈ ਤਰੀਕੇ ਨਾਲ ਪੈਦਲ ਯਾਤਰਾ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਜੱਥਾ ਸਿਰਫ ਲੋੜੀਂਦਾ ਸਮਾਨ ਲੈ ਕੇ ਅੱਗੇ ਨੂੰ ਵਧੇਗਾ।
ਮਰਜੀਵੜੇ ਜੱਥੇ ਦੀ ਅਗਵਾਈ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਹਰਿਆਣੇ ਦੇ ਖੇਤੀਬਾੜੀ ਮੰਤਰੀ ਤੇ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਕਿ ਪੇਦਲ ਜਥੇ ਨੂੰ ਰੋਕਿਆ ਨਹੀ ਜਾਵੇਗਾ ਬੀਜੇਪੀ ਦੇ ਨੇਤਾ ਆਵਦੇ ਬਿਆਨ ਤੇ ਪੱਕੇ ਰਹਿਣ। ਜੇ ਜਾਦੇ ਜਥੇ ਨੂੰ ਰੋਕਿਆ ਜਾਂਦਾ ਤਾਂ ਮਿੱਥ ਕੇ ਪੰਜਾਬ, ਹਰਿਆਣਾ ਤੇ ਵਪਾਰੀਆਂ ਤੇ ਆਮ ਜਨਤਾ ਨੂੰ ਤੰਗ ਕਰਨ ਤੇ ਪੰਜਾਬ ਹਰਿਆਣਾ ਦੀ ਆਰਥਿਕਤਾ ਤੇ ਸੱਟ ਮਾਰਨ ਦੀ ਨੀਤੀ ਹੋਵੇਗੀ।
ਸੰਭੂ ਬਾਰਡਰ ਤੋਂ ਪਹਿਲੇ ਜਥੇ ਦੀ ਅਗਵਾਈ ਕਿਸਾਨ ਨੇਤਾ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚਤਾਲਾ, ਸੁਰਜੀਤ ਸਿੰਘ ਫੂਲ ਅਤੇ ਬਲਜਿੰਦਰ ਸਿੰਘ ਚੰਡਿਆਲਾ ਕਰਨਗੇ। ਦਿੱਲੀ ਕੂਚ ਦੇ ਪਹਿਲੇ ਚਾਰ ਪੜਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਪੰਧੇਰ ਹੁਣਾਂ ਨੇ ਕਿਹਾ ਕਿ ਰੋਜ਼ ਜੱਥਾ 9 ਵਜੇ ਤੋਂ 5 ਵਜੇ ਤੱਕ ਪੈਦਲ ਯਾਤਰਾ ਕਰੇਗਾ ਅਤੇ ਪਹਿਲਾ ਪੜਾਵ ਅੰਬਾਲਾ ਦੇ ਜੱਗੀ ਸਿਟੀ ਸੈਂਟਰ ਵਿਖੇ ਹੋਏਗਾ, ਦੂਸਰਾ ਪੜਾਵ ਮੋਹੜਾ (ਅੰਬਾਲਾ) ਵਿਖੇ ਹੋਵੇਗਾ ਅੱਗੇ ਚੱਲ ਤੀਸਰਾ ਪੜਾਵ ਖਾਨਪੁਰ ਜੱਟਾ ਤਿਉੜਾ ਥੇਹ ਵਿਖੇ ਅੱਤੇ ਅਗਲਾ ਪੜਾਅ ਪਿੱਪਲੀ ਵਿੱਖੇ ਹੋਵੇਗਾ।
ਉਨ੍ਹਾਂ ਕਿਹਾ ਇਸ ਦੌਰਾਨ ਜੱਥਾ ਸਾਰੀਆਂ ਠੰਡੀਆਂ ਰਾਤਾਂ ਸੜਕ ਉੱਤੇ ਕੱਟੇਗਾ ਅਤੇ ਦੋਨੋਂ ਮੋਰਚਿਆਂ ਵੱਲੋਂ ਉਹ ਹਰਿਆਣਾ ਦੀ ਸੰਗਤ ਅਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਨ ਕਿ ਅੱਗੇ ਪਹੁੰਚ ਕੇ ਜਥੇ ਦੇ ਰੁਕ ਰਕਾਬ ਦਾ ਪ੍ਰਬੰਧ ਕਰਨ।
ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਮਰਜੀਵੜਾ ਜੱਥਾ ਸਿਰ ਤੇ ਕਫਨ ਬੰਨ ਕੇ ਨਿਕਲੇਗਾ ਤੇ ਸਰਕਾਰ ਵੱਲੋਂ ਕੀਤੇ ਗਏ ਹਰ ਜੁਲਮ ਅਤੇ ਜ਼ਬਰ ਦਾ ਸਬਰ ਸੰਤੋਖ ਨਾਲ ਸਾਹਮਣਾ ਕਰੇਗਾ ਅਤੇ ਦਿੱਲੀ ਵੱਲ ਕੂਚ ਕਰੇਗਾ। ਉਹਨਾਂ ਪੰਜਾਬ ਅਤੇ ਹਰਿਆਣੇ ਦੇ ਆਮ ਜਨਤਾ ਨੂੰ ਵੀ ਵੱਧ ਚੜ ਕੇ ਮੋਰਚੇ ਦੇ ਹੱਕ ਵਿੱਚ ਉਤਰਨ ਦੀ ਅਪੀਲ ਕੀਤੀ।