Hoshiarpur Child Falls into Borewell : ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਭੀਖੋਵਾਲ ਨਜ਼ਦੀਕ ਪੈਂਦੇ ਪਿੰਡ ਚੱਕ ਸਮਾਣਾ ਵਿਖੇ ਇਕ 4 ਸਾਲਾਂ ਬੱਚੇ ਦੇ ਡੂੰਘੇ ਬੋਰਵੈੱਲ ’ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਰੈਸਕਿਊ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ।
ਘਰ ਦੇ ਬਾਹਰ ਖੇਤਾਂ ਵਿੱਚ ਖੇਡ ਰਿਹਾ ਸੀ ਬੱਚਾ
ਮਿਲੀ ਜਾਣਕਾਰੀ ਅਨੁਸਾਰ ਗੁਰਕਰਨ ਸਿੰਘ (4) ਪੁੱਤਰ ਰਵਿੰਦਰ ਸਿੰਘ ਵਾਸੀ ਪਿੰਡ ਚੱਕ ਸਮਾਣਾ ਆਪਣੇ ਘਰ ਨੇੜੇ ਖੇਡ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਨਵੇਂ ਖੋਦੇ ਗਏ ਬੋਰਵੈੱਲ ਦੇ ਖੱਡੇ ਵਿੱਚ ਡਿੱਗ ਗਿਆ ਅਤੇ ਕਰੀਬ 70 ਫੁੱਟ ਡੂੰਘਾਈ ਵਿੱਚ ਫਸ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ।
ਪ੍ਰਸ਼ਾਸਨ ਨੇ ਖੁਦਾਈ ਲਈ 4 ਜੇਸੀਬੀ ਮਸ਼ੀਨਾਂ ਲਗਾਈਆਂ ਹਨ। ਐਸਐਸਪੀ ਸੰਦੀਪ ਕੁਮਾਰ ਮਲਿਕ ਖੁਦ ਮੌਕੇ ‘ਤੇ ਪਹੁੰਚ ਗਏ ਹਨ। ਡਾਕਟਰਾਂ ਦੀ ਟੀਮ, ਐਂਬੂਲੈਂਸ, ਫਾਇਰ ਬ੍ਰਿਗੇਡ, ਐਸਡੀਆਰਐਫ ਅਤੇ ਹੋਰ ਰੈਸਕਿਊ ਟੀਮਾਂ ਵੀ ਮੌਕੇ ‘ਤੇ ਮੌਜੂਦ ਹਨ। ਪ੍ਰਸ਼ਾਸਨ ਨੇ ਐਨਡੀਆਰਐਫ ਦੀ ਟੀਮ ਨੂੰ ਵੀ ਬੁਲਾਇਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚਾ ਸਿੱਧਾ ਹੇਠਾਂ ਡਿੱਗਿਆ ਹੈ ਅਤੇ ਅੰਦਰੋਂ ਉਸਦੀ ਹਰਕਤ ਮਹਿਸੂਸ ਹੋ ਰਹੀ ਹੈ। ਇਸ ਕਰਕੇ ਉਮੀਦ ਜਤਾਈ ਜਾ ਰਹੀ ਹੈ ਕਿ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਸਮਾਜਸੇਵੀ ਸੰਸਥਾ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਵੀ ਪ੍ਰਸ਼ਾਸਨ ਨਾਲ ਮਿਲ ਕੇ ਬਚਾਅ ਕਾਰਜ ਵਿੱਚ ਜੁਟੀ ਹੋਈ ਹੈ। ਫਿਲਹਾਲ ਰੈਸਕਿਊ ਓਪਰੇਸ਼ਨ ਲਗਾਤਾਰ ਜਾਰੀ ਹੈ।
ਐਸਐਸਪੀ ਨੇ ਖੁਦ ਸੰਭਾਲੀ ਰੈਸਕਿਊ ਦੀ ਕਮਾਨ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਖੁਦ ਘਟਨਾਸਥਲ ‘ਤੇ ਪਹੁੰਚ ਕੇ ਪੂਰੇ ਰੈਸਕਿਊ ਓਪਰੇਸ਼ਨ ਦੀ ਕਮਾਨ ਸੰਭਾਲੀ। ਇਸਦੇ ਨਾਲ ਹੀ ਡਾਕਟਰਾਂ ਦੀ ਟੀਮ, ਐਂਬੂਲੈਂਸ, ਫਾਇਰ ਬ੍ਰਿਗੇਡ, ਐਸਡੀਆਰਐਫ ਅਤੇ ਹੋਰ ਰੈਸਕਿਊ ਟੀਮਾਂ ਵੀ ਉੱਥੇ ਮੌਜੂਦ ਹਨ।
ਬੱਚੇ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਵੱਲੋਂ 4 ਜੇਸੀਬੀ ਮਸ਼ੀਨਾਂ ਲਗਾਈਆਂ ਗਈਆਂ ਹਨ। ਹਨੇਰਾ ਹੋਣ ਕਾਰਨ ਰੈਸਕਿਊ ਵਿੱਚ ਕੋਈ ਦਿੱਕਤ ਨਾ ਆਵੇ, ਇਸ ਲਈ ਲਾਈਟਾਂ ਅਤੇ ਹੋਰ ਲੋੜੀਂਦੇ ਇੰਤਜ਼ਾਮ ਵੀ ਕੀਤੇ ਗਏ ਹਨ। ਐਸਡੀਐਮ ਸਮੇਤ ਕਈ ਅਧਿਕਾਰੀ ਲਗਾਤਾਰ ਮੌਕੇ ‘ਤੇ ਨਿਗਰਾਨੀ ਕਰ ਰਹੇ ਹਨ।
ਖੇਤਾਂ ਵਿੱਚ ਘਰ ਬਣਾ ਕੇ ਰਹਿੰਦਾ ਸੀ ਪਰਿਵਾਰ
ਜਾਣਕਾਰੀ ਮੁਤਾਬਕ ਬੱਚਾ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧਿਤ ਹੈ, ਜੋ ਖੇਤਾਂ ਵਿੱਚ ਘਰ ਬਣਾ ਕੇ ਉੱਥੇ ਹੀ ਰਹਿ ਰਿਹਾ ਸੀ। ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਮਾਜਸੇਵੀ ਸੰਸਥਾਵਾਂ ਵੀ ਬਚਾਅ ਮੁਹਿੰਮ ਵਿੱਚ ਜੁਟ ਗਈਆਂ ਹਨ। ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਵੀ ਪ੍ਰਸ਼ਾਸਨ ਨਾਲ ਮਿਲ ਕੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।
