ਟਾਂਡਾ ਉੜਮੁੜ: ਹੁਸ਼ਿਆਰਪੁਰ ਦੇ ਖਿਆਲ ਬੁਲੰਦਾ 'ਚ ਬੀਤੇ ਦਿਨੀਂ ਬੋਰਵੈੱਲ 'ਚ ਡਿੱਗ ਕੇ ਗਵਾਉਣ ਵਾਲੇ 4 ਸਾਲਾਂ ਬੱਚੇ ਰਿਤਿਕ ਦਾ ਅੱਜ ਅੱਡਾ ਧੂਰੀਆ 'ਚ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਦੌਰਾਨ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ 'ਚ ਬੱਚੇ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ।



ਇਸ ਮੌਕੇ ਮ੍ਰਿਤਕ ਬੱਚੇ ਦੇ ਪਿਤਾ ਰਜਿੰਦਰ ਤੇ ਮਾਤਾ ਬਿਮਲਾ ਨੂੰ ਵਿਧਾਇਕ ਜਸਵੀਰ ਸਿੰਘ ਰਾਜ, ਬਾਬਾ ਦੀਪ ਸਿੰਘ, ਸੇਵਾ ਦਲ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਸਮੇਤ ਵੱਡੀ ਗਿਣਤੀ 'ਚ ਇਕੱਠੇ ਲੋਕਾਂ ਨੇ ਦਿਲਾਸਾ ਦਿੱਤਾ ਤੇ ਬੱਚੇ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜ ਨੇ ਸਰਕਾਰ ਵੱਲੋਂ ਐਲਾਨੀ ਗਈ 2 ਲੱਖ ਰੁਪਏ ਦੀ ਰਕਮ ਪਰਿਵਾਰ ਨੂੰ ਸੌਂਪੀ।

ਦਰਅਸਲ 'ਚ ਪਿੰਡ ਧੂਰੀਆਂ ਅੱਡਾ ਵਿਖੇ ਝੁੱਗੀਆਂ ਬਣਾ ਕੇ ਰਹਿ ਰਹੇ ਕੁੱਝ ਪਰਵਾਸੀ ਪਰਿਵਾਰ ਮਜ਼ਦੂਰੀ ਕਰਨ ਲਈ ਪਿੰਡ ਖਿਆਲਾ ਬੁਲੰਦਾ ਆਏ ਹੋਏ ਸਨ। ਇਨ੍ਹਾਂ ਦੇ ਨਾਲ ਹੀ ਇਕ ਬੱਚਾ ਰਿਤਿਕ ਪੁੱਤਰ ਰਜਿੰਦਰ ਸਿੰਘ ਵਾਸੀ ਸੇਖੋਪੁਰ ਖਾਸ ਜ਼ਿਲ੍ਹਾ ਮੁਰਾਦਾਬਾਦ ਯੂਪੀ ਹਾਲ ਵਾਸੀ ਅੱਡਾ ਧੂਰੀਆਂ ਤੋਂ ਆਇਆ ਹੋਇਆ ਸੀ ਤੇ ਕੰਮ ਕਰਦੇ ਆਪਣੇ ਪਰਿਵਾਰਕ ਮੈਬਰਾਂ ਨਾਲ ਦਰੱਖਤਾਂ ਹੇਠ ਬੈਠਾ ਹੋਇਆ ਸੀ।

ਇਸੇ ਦੌਰਾਨ ਇਸ ਬੱਚੇ ਦੇ ਪਿੱਛੇ ਕੁੱਤੇ ਪੈ ਗਏ ਤੇ ਇਹ ਬੱਚਾ ਨਾਲ ਲੱਗਦੇ ਖੇਤਾਂ 'ਚ ਆਪਣੇ ਬਚਾਅ ਲਈ ਜ਼ਮੀਨ ਤੋਂ ਕਰੀਬ 2-3 ਫੁੱਟ ਉੱਚੇ ਖ਼ਾਲੀ ਬੋਰਵੈੱਲ 'ਤੇ ਚੜ੍ਹ ਗਿਆ ਤੇ ਬੋਰੀ ਸਮੇਤ ਬੋਰਵੈੱਲ ’ਚ ਡਿੱਗ ਗਿਆ।ਬੱਚੇ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਲਈ ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਨੇ ਸਾਂਝਾ ਅਭਿਆਨ ਚਲਾਇਆ ਸੀ।

ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਸੀ। ਜਿਸ ਬੋਰਵੈੱਲ ਵਿਚ ਮਾਸੂਮ ਡਿੱਗਿਆ ਸੀ, ਉਹ ਲਗਪਗ 100 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਬੱਚੇ ਨੂੰ 8 ਘੰਟਿਆਂ ਦੀ ਮੁਸ਼ੱਕਤਲ ਤੋਂ ਮਗਰੋਂ ਬਾਹਰ ਕੱਢਿਆ ਗਿਆ ਪਰ ਹਸਪਤਾਲ ਵਿਖੇ ਇਹ ਬੱਚਾ ਜ਼ਿੰਦਗੀ ਦੀ ਜੰਗ ਹਾਰ ਗਿਆ।