Punjab News: ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਮੌਜੂਦਾ ਸਬ-ਸਟੇਸ਼ਨਾਂ ਦਾ ਲੋਡ ਘਟਾ ਕੇ ਸੂਬੇ ਭਰ ਵਿੱਚ ਨਵੇਂ ਸਬ-ਸਟੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਸੂਬੇ ਭਰ ਵਿੱਚ 20 ਐਮ.ਵੀ.ਏ ਪਾਵਰ ਟਰਾਂਸਫਾਰਮਰਾਂ ਵਾਲੇ 40 ਨਵੇਂ 66 ਕੇ.ਵੀ ਸਬ ਸਟੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਦੱਖਣੀ ਜ਼ੋਨ ਵਿੱਚ 13, ਕੇਂਦਰੀ ਜ਼ੋਨ ਵਿੱਚ 12, ਪੱਛਮੀ ਜ਼ੋਨ ਵਿੱਚ 6, ਬਾਰਡਰ ਜ਼ੋਨ ਵਿੱਚ 5 ਅਤੇ ਉੱਤਰੀ ਜ਼ੋਨ ਵਿੱਚ 4 ਸ਼ਾਮਲ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਪੈਂਤੀ 66 ਕੇ.ਵੀ ਸਬ-ਸਟੇਸ਼ਨਾਂ ’ਤੇ 22 ਐਮ.ਵੀ.ਏ ਵਾਧੂ ਬਿਜਲੀ ਟਰਾਂਸਫਾਰਮਰ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ 82 ਪਾਵਰ ਟਰਾਂਸਫਾਰਮਰਾਂ ਨੂੰ 16/20 ਐਮ.ਵੀ.ਏ ਤੋਂ 25/31.5 ਐਮ.ਵੀ.ਏ ਅਤੇ 23 ਹੋਰ ਪਾਵਰ ਟਰਾਂਸਫਾਰਮਰਾਂ ਨੂੰ 10/12.5 ਐਮ.ਵੀ.ਏ ਤੋਂ 16/20 ਐਮ.ਵੀ.ਏ ਤੱਕ ਵਧਾਇਆ ਜਾ ਰਿਹਾ ਹੈ। ਉਹ ਅੱਜ ਸਬ-ਡਵੀਜ਼ਨ ਟਾਂਡਾ ਅਤੇ ਭੋਗਪੁਰ ਦੇ ਖਪਤਕਾਰਾਂ ਨੂੰ 66 ਕੇ.ਵੀ ਸਬ-ਸਟੇਸ਼ਨ ਕਲਿਆਣਪੁਰ ਨੂੰ ਲੋਕ ਅਰਪਣ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਕੁੱਲ ਲਾਗਤ 4 ਕਰੋੜ 22 ਲੱਖ ਤੋਂ ਵੱਧ ਹੈ।
ਬਿਜਲੀ ਮੰਤਰੀ ਨੇ ਦੱਸਿਆ ਕਿ ਇਸ 66 ਕੇ.ਵੀ ਸਬ ਸਟੇਸ਼ਨ ਕਲਿਆਣਪੁਰ ਵਿਖੇ ਇਕ ਨਵਾਂ 12.5 ਐਮ.ਵੀ.ਏ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਨੂੰ 132 ਕੇ.ਵੀ ਸਬ ਸਟੇਸ਼ਨ ਟਾਂਡਾ ਦੇ ਚਾਰ 11 ਕੇ.ਵੀ ਫੀਡਰਾਂ (ਕਲਿਆਣਪੁਰ, ਗਿੱਦੜਪਿੰਡੀ, ਜਹੂਰਾ ਅਤੇ ਸੱਲਣ) ਅਤੇ ਦੋ 11 ਕੇ.ਵੀ ਫੀਡਰਾਂ (ਮੁੱਕਲਾ, ਚੱਕ ਸ਼ਕੂਰ) 132 ਕੇ.ਵੀ ਸਬ ਸਟੇਸ਼ਨ ਭੋਗਪੁਰ ਦੇ 6.83 ਐਮ.ਵੀ.ਏ ਲੋਡ ਨੂੰ ਇਸ ਨਵੇਂ 66 ਕੇ.ਵੀ ਸਬਸਟੇਸ਼ਨ ਕਲਿਆਣਪੁਰ ਵਿੱਚ ਸ਼ਿਫਟ ਕਰਨ ਲਈ ਜੋੜਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਟਰਾਂਸਫਾਰਮਰਾਂ ’ਤੇ ਓਵਰਲੋਡ ਹੋਣ ਦੇ ਕਾਰਨ ,ਖਾਸ ਕਰਕੇ ਝੋਨੇ ਦੀ ਬਿਜਾਈ ਦੇ ਸੀਜ਼ਨ/ਗਰਮੀਆਂ ਵਿੱਚ, ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਵਾਂ ਸਬ-ਸਟੇਸ਼ਨ ਦੂਜੇ ਸਬ-ਸਟੇਸ਼ਨ ’ਤੇ ਬੋਝ ਨੂੰ ਘੱਟ ਕਰੇਗਾ ਅਤੇ ਆਦਮਪੁਰ ਵਿਧਾਨ ਸਭਾ ਹਲਕੇ ਦੇ 6 ਪਿੰਡਾਂ ਅਤੇ ਉੜਮੁੜ ਵਿਧਾਨ ਸਭਾ ਹਲਕੇ ਦੇ 8 ਪਿੰਡਾਂ ਸਮੇਤ 14 ਪਿੰਡਾਂ ਦੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਧੇਗੀ।
ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸੂਬੇ ਵਿਚ ਬਿਜਲੀ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਝੋਨੇ ਦੀ ਬਿਜਾਈ ਦੇ ਇਸ ਸੀਜ਼ਨ ਦੌਰਾਨ ਪੰਜਾਬ ਸਰਕਾਰ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਏਗੀ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਾਰੇ ਟਰਾਂਸਫਾਰਮਰਾਂ ਅਤੇ ਟਰਾਂਸਮਿਸ਼ਨ ਲਾਈਨਾਂ ਦੀ ਚੈਕਿੰਗ ਕਰਨ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ 20 ਮਈ ਤੋਂ 31 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਲਈ ਹਰੇਕ ਖੇਤੀ ਫੀਡਰ ਨੂੰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।