Punjab News: ਪੰਜਾਬ ਕੈਬਨਿਟ ਨੇ ਅਹਿਮ ਫ਼ੈਸਲਾ ਲੈਂਦਿਆਂ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਨ ਲਈ ਸੂਬੇ ਭਰ ਵਿਚ 40 ਹੁਨਰ ਸਿੱਖਿਆ ਸਕੂਲ (ਸਕੂਲ ਆਫ਼ ਅਪਲਾਇਡ ਲਰਨਿੰਗ) ਸ਼ੁਰੂ ਕਰਨ ਦੀ ਸਹਿਮਤੀ ਦੇ ਦਿੱਤੀ ਹੈ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਹੋਰ ਦਰਵਾਜ਼ੇ ਖੁੱਲ੍ਹਣਗੇ।
32 ਕਰੋੜ ਦੀ ਲਾਗਤ ਨਾਲ ਖੁੱਲ੍ਹਣਗੇ 40 ਸਕੂਲ
ਇਸ ਫੈਸਲੇ ਮੁਤਾਬਕ ਸੂਬੇ ਵਿਚ ਤਕਰੀਬਨ 32 ਕਰੋੜ ਰੁਪਏ ਦੀ ਲਾਗਤ ਨਾਲ 40 ਸਕੂਲ ਖੁੱਲ੍ਹਣਗੇ, ਜਿਨ੍ਹਾਂ ਵਿਚ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ, ਡਿਜੀਟਲ ਡਿਜ਼ਾਇਨ ਤੇ ਡਿਵੈਲਪਮੈਂਟ, ਬਿਊਟੀ ਤੇ ਵੈਲਨੈੱਸ ਤੇ ਸਿਹਤ ਸੰਭਾਲ ਵਿਗਿਆਨਾਂ ਤੇ ਸਰਵਿਸਜ਼ ਖ਼ੇਤਰਾਂ ਬਾਰੇ ਸਿਖਲਾਈ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਕਾਰਜ ਵਿਹਾਰਕ ਅੰਗਰੇਜ਼ੀ, ਕਰੀਅਰ ਫਾਊਂਡੇਸ਼ਨ (ਪ੍ਰੋਫੈਸ਼ਨਲਿਜ਼ਮ, ਸੀ.ਵੀ. ਕ੍ਰਿਏਸ਼ਨ, ਸਾਫਟ ਸਕਿੱਲਜ਼ ਤੇ ਪ੍ਰੋਫੈਸ਼ਨਲ ਡਿਵੈਲਪਮੈਂਟ) ਅਤੇ ਰੋਜ਼ਾਨਾ ਜੀਵਨ ਵਿਚ ਤਕਨਾਲੋਜੀ (ਈ-ਮੇਲ ਰਾਈਟਿੰਗ, ਕ੍ਰਿਏਟਿੰਗ ਵਰਕ ਪਲਾਨ ਅਤੇ ਡਿਜੀਟਲ ਟੂਲਜ਼ ਦੀ ਵਰਤੋਂ) ਬਾਰੇ ਕੋਰਸ ਵੀ ਸ਼ੁਰੂ ਕੀਤੇ ਜਾਣਗੇ।
ਵਿਦਿਆਰਥੀਆਂ ਦੇ ਭਵਿੱਖ ਲਈ ਲਿਆ ਆਹ ਫੈਸਲਾ
ਕੈਬਨਿਟ ਨੇ ਵਿਦਿਆਰਥੀਆਂ ਦੇ ਅੰਗਰੇਜ਼ੀ ਸੰਚਾਰ ਹੁਨਰ ਵਿਚ ਸੁਧਾਰ ਕਰ ਕੇ ਉਨ੍ਹਾਂ ਨੂੰ ਭਵਿੱਖ ਵਿਚ ਰੁਜ਼ਗਾਰ ਦੇ ਵਧੇਰੇ ਯੋਗ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਬ੍ਰਿਟਿਸ਼ ਕਾਊਂਸਿਲ ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮੀਟਿਡ ਨਾਲ ਕੀਤੇ ਸਮਝੌਤੇ (ਐਮ.ਓ.ਯੂ.) ਨੂੰ ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਉਰਮੈਂਟ ਐਕਟ 2019 ਦੀ ਧਾਰਾ 63(1) ਤੋਂ ਛੋਟ ਦੇਣ ਦੀ ਮਨਜ਼ੂਰੀ ਦੇ ਦਿੱਤੀ।
ਇਸ ਐੱਮ.ਓ.ਯੂ. ਦੇ ਨਿਯਮ ਤੇ ਸ਼ਰਤਾਂ ਦੀ ਰੌਸ਼ਨੀ ਵਿਚ ਅਗਲੇ ਦੋ ਵਿੱਤੀ ਵਰ੍ਹਿਆਂ 2025-26 ਅਤੇ 2026-27 ਲਈ ‘ਇੰਗਲਿਸ਼ ਫਾਰ ਵਰਕ’ ਕੋਰਸ ਜਾਰੀ ਰੱਖਣ ਲਈ ਇਸ ਛੋਟ ਨੂੰ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਵਿਚ ਰੱਖਿਆ ਜਾਵੇਗਾ। ਇਸ ਪਹਿਲਕਦਮੀ ਨਾਲ ਹਰੇਕ ਸਾਲ ਸੂਬੇ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿਚ ਤਕਰੀਬਨ ਪੰਜ ਹਜ਼ਾਰ ਵਿਦਿਆਰਥੀਆਂ ਨੂੰ ਲਾਭ ਹੋ ਰਿਹਾ ਹੈ। ਇਹ ਛੋਟ ਇਸ ਸਕੀਮ ਨੂੰ ਬਿਨਾਂ ਕਿਸੇ ਅੜਿੱਕੇ ਤੋਂ ਸੁਚਾਰੂ ਤਰੀਕੇ ਨਾਲ ਚੱਲਣ ਅਤੇ ਵਿਦਿਆਰਥੀਆਂ ਨੂੰ ਲਾਭ ਪਹੁੰਚਣਾ ਯਕੀਨੀ ਬਣਾਏਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।