ਮੋਹਾਲੀ: ਨੋਟਬੰਦੀ ਤੋਂ ਬਾਅਦ ਸਰਕਾਰ ਨੇ ਨਵੇਂ 500 ਤੇ 2000 ਦੇ ਨੋਟ ਜਾਰੀ ਕੀਤੇ ਹਨ। ਪਰ ਹੁਣ ਨਕਲੀ 2000 ਦੇ ਨੋਟਾਂ ਦਾ ਕਾਰੋਬਾਰ ਵੀ ਸ਼ੁਰੂ ਹੋ ਗਿਆ ਹੈ। ਕੁੱਝ ਗਿਰੋਹ ਪੁਰਾਣੇ ਨੋਟਾਂ ਬਦਲੇ ਨਕਲੀ 2000 ਦੇ ਨੋਟ ਦੇ ਕੇ ਵੱਡਾ ਜਾਲਸਾਜ਼ੀ ਦਾ ਧੰਦਾ ਚਲਾ ਰਹੇ ਹਨ। ਚੰਡੀਗੜ੍ਹ ਤੇ ਮੋਹਾਲੀ 'ਚ ਕਰੀਬ 2 ਕਰੋੜ ਦੇ ਫਰਜੀ ਨੋਟ ਬਦਲੇ ਗਏ ਹਨ। ਮੋਹਾਲੀ ਪੁਲਿਸ ਨੇ ਇਸ ਧੰਦੇ 'ਚ ਲੱਗੇ 3 ਲੋਕਾਂ ਨੂੰ 42 ਲੱਖ ਦੀ ਨਕਲੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਹੈ।
ਪੁਲਿਸ ਮੁਤਾਬਕ ਅਭਿਨਵ ਨਾਮੀ ਇੱਕ ਸ਼ਖਸ ਚੰਡੀਗੜ੍ਹ ਦੇ ਇੰਡਸਟਰੀ ਏਰੀਆ 'ਚ ਨਕਲੀ ਨੋਟ ਛਾਪਣ ਦੀ ਕਾਰਵਾਈ ਨੂੰ ਅੰਜਾਮ ਦੇ ਰਿਹਾ ਸੀ। ਇਹ 500 ਤੇ 1000 ਦੇ ਪੁਰਾਣੇ ਨੋਟਾਂ ਬਦਲੇ ਨਵੀਂ ਕਰੰਸੀ ਦੇਣ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗ ਰਿਹਾ ਸੀ। ਪਿਛਲੇ 20 ਦਿਨਾਂ 'ਚ ਇਸ ਨੇ ਇਸ ਗੋਰਖਧੰਦੇ ਰਾਹੀਂ ਕਰੀਬ 2 ਕਰੋੜ ਦਾ ਲੈਣ-ਦੇਣ ਕਰ ਪੁਰਾਣੇ ਨੋਟਾਂ ਬਦਲੇ ਨਕਲੀ ਨੋਟ ਦਿੱਤੇ ਸੀ।
ਕੱਲ੍ਹ ਅਭਿਨਵ ਆਪਣੀ ਭੈਣ ਵਿਸ਼ਾਖਾ ਤੇ ਇੱਕ ਵਿਚੋਲੀਏ ਸੁਮਨ ਨਾਲ ਕਰੰਸੀ ਦੀ ਡਲਿਵਰੀ ਦੇਣ ਜਾ ਰਿਹਾ ਸੀ। ਇਹ ਔਡੀ ਗੱਡੀ 'ਤੇ ਸਵਾਰ ਹੋ ਲਾਲ ਬੱਤੀ ਲਗਾ ਕੇ ਜਾ ਰਹੇ ਸਨ। ਰਾਸਤੇ ਪੁਲਿਸ ਨੇ ਚੈਕਿੰਗ ਦੌਰਾਨ ਇਹਨਾਂ ਨੂੰ 42 ਲੱਕ ਦੇ ਨਵੇਂ ਨਕਲੀ 2000 ਦੇ ਨੋਟਾਂ ਨਾਲ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ।