ਚੰਡੀਗੜ੍ਹ: ਬਜਟ ਇਜਲਾਸ ਦੇ ਆਖ਼ਰੀ ਦਿਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਖ਼ਾਸ ਕਰਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਪੰਜਾਬ ਦੀ ਆਰਥਿਕ ਸਥਿਤੀ ਬਾਰੇ ਝੂਠ ਬੋਲਣ ਅਤੇ ਤੱਥ ਛੁਪਾਉਣ ਦਾ ਦੋਸ਼ ਲਗਾਇਆ।



ਚੀਮਾ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਸਿਰ ਕਰਜ਼ੇ ਨੂੰ ਲੈ ਕੇ ਅਸਲੀਅਤ ਲੁਕੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਰ ਢਾਈ ਲੱਖ ਕਰੋੜ ਨਹੀਂ ਸਗੋਂ 5 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ। ਚੀਮਾ ਨੇ ਸਰਕਾਰ ਨੂੰ ਪੁੱਛਿਆ ਕਿ ਬਜਟ ਦਸਤਾਵੇਜ਼ਾਂ 'ਚ ਜਨਤਕ ਸੈਕਟਰ ਦੇ ਅਦਾਰਿਆਂ, ਕਾਰਪੋਰੇਸ਼ਨਾਂ ਅਤੇ ਹੋਰ ਸਰਕਾਰੀ ਸੰਪਤੀਆਂ ਆਦਿ 'ਤੇ ਚੁੱਕੇ ਕਰਜ਼ੇ ਨੂੰ ਛੁਪਾਇਆ ਕਿਉਂ ਜਾ ਰਿਹਾ ਹੈ?



ਚੀਮਾ ਨੇ ਕਿਹਾ ਕਿ ਬਜਟ ਸੈਸ਼ਨ ਦੌਰਾਨ ਬਤੌਰ ਮੁੱਖ ਵਿਰੋਧੀ ਧਿਰ 'ਆਪ' ਨੇ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਨਾਲ ਜੁੜੇ ਲੱਗਭਗ ਸਾਰੇ ਮੁੱਦੇ ਸਦਨ ਦੇ ਅੰਦਰ ਅਤੇ ਬਾਹਰ ਪੂਰੀ ਮੁਸਤੈਦੀ ਅਤੇ ਗੰਭੀਰਤਾ ਨਾਲ ਉਠਾਏ।