57 ਹਜ਼ਾਰ ਨਵੇਂ 'ਟੀਚਰ' ਬਣ ਕੇ ਤਿਆਰ, ਹੁਣ ਕੀ ਕਰੇਗੀ ਕੈਪਟਨ ਸਰਕਾਰ
ਏਬੀਪੀ ਸਾਂਝਾ | 13 Apr 2018 06:38 PM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਸਕੂਲ ਸਿੱਖਿਆ ਵਿਭਾਗ ਵੱਲੋਂ 25 ਫ਼ਰਵਰੀ ਨੂੰ ਲਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀਐਸਟੀਈਟੀ) ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ 'ਤੇ ਗ਼ੌਰ ਕਰੀਏ ਤਾਂ ਪੰਜਾਬ ਵਿੱਚ ਹੁਣ ਕੁੱਲ 57,628 ਅਧਿਆਪਕ ਹੋਰ ਤਿਆਰ ਹੋ ਗਏ ਹਨ। ਹੁਣ ਕੈਪਟਨ ਸਰਕਾਰ ਇਨ੍ਹਾਂ ਲਈ ਰੁਜ਼ਗਾਰ ਦੇ ਵਸੀਲੇ ਕਦੋਂ ਪੈਦਾ ਕਰੇਗੀ ਇਸ ਬਾਰੇ ਕਹਿਣਾ ਜ਼ਰਾ ਮੁਸ਼ਕਿਲ ਹੈ। ਵੈਸੇ ਵੀ ਟੈੱਟ ਪਾਸ ਕਰਨ ਤੋਂ ਬਾਅਦ ਅਧਿਆਪਕ ਬਣਨ ਦੇ ਯੋਗ ਹੋਏ ਹਜ਼ਾਰਾਂ ਦੀ ਗਿਣਤੀ ਵਿੱਚ ਉਮੀਦਵਾਰ ਪਹਿਲਾਂ ਹੀ ਨੌਕਰੀ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਫਰਵਰੀ ਨੂੰ ਕਰਵਾਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਵਿੱਚ ਕੁੱਲ 48,849 ਪ੍ਰੀਖਿਆਰਥੀ ਅਪੀਅਰ ਹੋਏ ਸਨ ਜਿਨ੍ਹਾਂ 'ਚੋਂ 14,105 (28.87 ਪ੍ਰਤੀਸ਼ਤ) ਪ੍ਰੀਖਿਆਰਥੀ ਪਾਸ ਹੋਏ ਹਨ। ਇਸੇ ਤਰ੍ਹਾਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 ਵਿੱਚ ਕੁੱਲ 1,23,856 ਪ੍ਰੀਖਿਆਰਥੀ ਅਪੀਅਰ ਹੋਏ ਸਨ ਜਿਨ੍ਹਾਂ 'ਚੋਂ 43,523 (35.14 ਪ੍ਰਤੀਸ਼ਤ) ਪ੍ਰੀਖਿਆਰਥੀ ਪਾਸ ਹੋਏ ਹਨ। ਸਕੱਤਰ ਸਕੂਲ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ 'ਚ ਸਿੱਖਿਆ ਵਿਭਾਗ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਦਸੰਬਰ ਦੇ ਦੂਜੇ ਐਤਵਾਰ ਕਰਵਾਉਣ ਦਾ ਫੈਸਲਾ ਕੀਤਾ ਹੈ ਜਿਸ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ। ਹੁਣ ਪੀਐਸਟੀਈਟੀ 'ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀ ਆਪਣੀ ਤਿਆਰੀ ਪਹਿਲਾਂ ਤੋਂ ਹੀ ਯੋਜਨਾਬੱਧ ਢੰਗ ਨਾਲ ਕਰ ਸਕਿਆ ਕਰਨਗੇ।