ਅੰਮ੍ਰਿਤਸਰ  : ਅੰਮ੍ਰਿਤਸਰ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਬਠਿੰਡਾ ਅਤੇ ਗੁਰਦਾਸਪੁਰ ਦੀਆਂ ਜੇਲ੍ਹਾਂ ਵਿੱਚ ਵੀ ਕੈਦੀਆਂ ਦੇ ਡੋਪ ਟੈਸਟ ਕਰਵਾਏ ਗਏ। ਗੁਰਦਾਸਪੁਰ ਜੇਲ੍ਹ ਵਿੱਚ 425 ਕੈਦੀ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਗੁਪਤ ਸੂਤਰਾਂ ਨੇ ਦੱਸਿਆ ਕਿ ਬਠਿੰਡਾ ਜੇਲ੍ਹ ਵਿੱਚ ਦੋ ਦਿਨਾਂ ਵਿੱਚ 1673 ਕੈਦੀਆਂ ਦਾ ਡੋਪ ਟੈਸਟ ਕੀਤਾ ਗਿਆ। ਇਨ੍ਹਾਂ ਵਿੱਚੋਂ 647 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ 1026 ਕੈਦੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਗੁਪਤ ਸੂਤਰਾਂ ਅਨੁਸਾਰ ਪਾਜ਼ੇਟਿਵ ਆਏ ਵਿਅਕਤੀਆਂ ਵਿੱਚੋਂ 604 ਕੈਦੀ ਪਹਿਲਾਂ ਹੀ ਪੰਜਾਬ ਸਰਕਾਰ ਦੇ ਓਟ ਕਲੀਨਿਕ ਤੋਂ ਨਸ਼ਾ ਛੁਡਾਊ ਦਵਾਈ ਲੈ ਰਹੇ ਹਨ, ਜਦਕਿ 43 ਨਵੇਂ ਕੇਸ ਪਾਜ਼ੇਟਿਵ ਪਾਏ ਗਏ ਹਨ।

ਸੂਤਰਾਂ ਅਨੁਸਾਰ ਪਾਜ਼ੀਟਿਵ ਆਏ ਕੈਦੀਆਂ ਦੀਆਂ ਰਿਪੋਰਟਾਂ 'ਚ ਬਿਊਪ੍ਰੀਨੋਰਫਾਈਨ ਨਾਂ ਦੀ ਦਵਾਈ ਲੈਣ ਦਾ ਖੁਲਾਸਾ ਹੋਇਆ ਹੈ ਅਤੇ ਇਹ ਦਵਾਈ ਬੈਨ ਹੈ। ਇਸ ਤੋਂ ਇਲਾਵਾ ਰਿਪੋਰਟ 'ਚ ਟਰਾਮਾਡੋਲ ਨਾਂ ਦੀ ਗੋਲੀ ਲੈਣ ਦਾ ਵੀ ਖੁਲਾਸਾ ਹੋਇਆ ਹੈ। 43 ਨਵੇਂ ਪਾਜ਼ੇਟਿਵ ਕੈਦੀ ਓਟ ਕਲੀਨਿਕ ਤੋਂ ਦਵਾਈ ਨਹੀਂ ਲੈ ਰਹੇ ਹਨ ਪਰ ਹੁਣ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਦੀ ਕਾਊਂਸਲਿੰਗ ਅਤੇ ਇਲਾਜ ਕਰਵਾਏਗਾ। ਇਹ ਸਾਰੇ ਲੋਕ ਵੀ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹਨ।

ਇਸ ਸਬੰਧੀ ਬਠਿੰਡਾ ਜੇਲ੍ਹ ਅਧਿਕਾਰੀ ਐਨਡੀ ਨੇਗੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ’ਤੇ ਹੀ ਉਹ ਕੁਝ ਦੱਸ ਸਕਣਗੇ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਮਨਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਰਿਪੋਰਟ ਭਲਕੇ ਮਿਲ ਜਾਵੇਗੀ | ਉਹ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਦੱਸਣਗੇ।

ਗੁਰਦਾਸਪੁਰ ਜੇਲ੍ਹ ਵਿੱਚ 425 ਕੈਦੀ ਪਾਏ ਗਏ ਪਾਜ਼ੇਟਿਵ  


ਗੁਰਦਾਸਪੁਰ ਜੇਲ੍ਹ ਦੇ ਸੁਪਰਡੈਂਟ ਰਜਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਪਾਜ਼ੇਟਿਵ ਕੈਦੀਆਂ ਵਿੱਚ ਉਹ ਵੀ ਸ਼ਾਮਲ ਹਨ, ਜੋ ਜੇਲ੍ਹ ਵਿੱਚ ਸਿਹਤ ਵਿਭਾਗ ਦੇ ਓਟ ਕਲੀਨਿਕ ਤੋਂ ਨਸ਼ਾ ਛੁਡਾਊ ਦਵਾਈ ਲੈ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਉਨ੍ਹਾਂ ਨੂੰ ਹੌਲੀ-ਹੌਲੀ ਗੋਲੀਆਂ ਦੀ ਮਾਤਰਾ ਘਟਾਉਣ ਲਈ ਕਿਹਾ ਗਿਆ ਹੈ ਤਾਂ ਜੋ ਪੂਰੀ ਤਰ੍ਹਾਂ ਨਸ਼ਾ ਛੱਡਣ 'ਚ ਕਾਮਯਾਬ ਹੋ ਸਕੇ |