ਚੰਡੀਗੜ੍ਹ: ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਦੇ ਮੁਤਾਬਕ ਮੰਗਲਵਾਰ ਨੂੰ ਪੰਜਾਬ ਭਰ ਵਿੱਚ 6668 ਮਾਮਲੇ ਸਾਹਮਣੇ ਆਏ ਹਨ। ਇਹ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। 23 ਸਤੰਬਰ ਤੋਂ ਹੁਣ ਦਾ ਅੰਕੜਾ 37,935 ਤਕ ਪਹੁੰਚ ਚੁੱਕਾ ਹੈ, ਜੋ ਕਿ ਪਿਛਲੇ ਸਾਲ ਪੰਜਾਬ ਰਿਮੋਟ ਸੈਂਸਿੰਗ ਦੇ ਅੰਕੜੇ ਮੁਤਾਬਕ 27,224 ਸੀ।
ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਸਭ ਤੋਂ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦਾ ਅੰਕੜਾ 1007 ਤਕ ਪਹੁੰਚ ਚੁੱਕਿਆ ਹੈ। 2018 ਵਿੱਚ 5 ਨਵੰਬਰ ਨੂੰ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਮੁਤਾਬਕ 1001 ਮਾਮਲੇ ਸਾਹਮਣੇ ਆਏ ਸੀ ਜੋ ਇਸ ਵਾਰ ਛੇ ਗੁਣਾ ਵਧ ਚੁੱਕੇ ਹਨ।
ਸੰਗਰੂਰ ਤੋਂ ਬਾਅਦ ਬਠਿਡਾ ਸ਼ਹਿਰ ਵਿੱਚ ਸਭ ਤੋਂ ਜ਼ਿਆਦਾ ਪਰਾਲੀ ਸਾੜੀ ਜਾ ਰਹੀ ਹੈ ਜਿੱਥੇ 945 ਦਾ ਅੰਕੜਾ ਸਾਹਮਣੇ ਆਇਆ ਹੈ। 4 ਨਵੰਬਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 5953 ਮਾਮਲੇ ਸਾਹਮਣੇ ਆਏ ਸੀ। ਇਸ ਤੋਂ ਬਾਅਦ ਪੰਜਾਬ ਦਾ ਅੰਕੜਾ 31,267 ਤਕ ਪਹੁੰਚ ਗਿਆ ਸੀ।