ਤਰਨ ਤਾਰਨ: ਚਾਰ ਸਤੰਬਰ ਨੂੰ ਪਿੰਡ ਪੰਡੋਰੀ ਗੋਲਾ ਰੋਡ 'ਤੇ ਰਾਤ ਦੇ ਸਮੇਂ ਹੋਏ ਬਲਾਸਟ ਦੇ ਤਾਰ ਵਿਦੇਸ਼ਾਂ ‘ਚ ਬੈਠੀਆਂ ਅੱਤਵਾਦੀ ਤਾਕਤਾਂ ਨਾਲ ਜੁੜਦੇ ਨਜ਼ਰ ਆ ਰਹੇ ਹਨ। ਸੁਰੱਖਿਆ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਬੰਬ ਪੰਜਾਬ ‘ਚ ਤਿਓਹਾਰਾਂ ਮੌਕੇ ਦਹਿਸ਼ਤ ਫੈਲਾਉਣ ਲਈ ਤਿਆਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਹੀ ਬੰਬ ਗਲਤੀ ਨਾਲ ਫਟ ਗਿਆ ਤੇ ਸਾਰੀ ਸਾਜਿਸ਼ ਨਾਕਾਮਯਾਬ ਹੋ ਗਈ।

ਪੁਲਿਸ ਨੇ ਮਾਮਲੇ ‘ਚ ਖਾਲਿਸਤਾਨ ਪੱਖੀ ਸੰਗਠਨਾਂ ਨਾਲ ਜੁੜੇ 7 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਹਰਜੀਤ ਸਿੰਘ ਨਿਵਾਸੀ ਪੰਡੋਰੀ ਗੋਲਾ, ਮਨਪ੍ਰੀਤ ਸਿੰਘ ਮੁਰਾਦਪੁਰਾ, ਅਮਰਜੀਤ ਸਿੰਘ ਨਿਵਾਸੀ ਫਤਹਿਗੜ੍ਹ ਚੂੜੀਆਂ, ਮੱਸਾ ਸਿੰਘ ਨਿਵਾਸੀ ਦੀਨੇਵਾਲ ਤਰਨ ਤਾਰਨ, ਬੱਬਰ ਸਿੰਘ ਨਿਵਾਸੀ ਬਟਾਲਾ, ਸ਼ੇਰ ਸਿੰਘ ਨਿਵਾਸੀ ਮਜੀਠਾ ਸ਼ਾਮਲ ਹਨ। ਪੁਲਿਸ ਮੁਤਾਬਕ ਹਰਜੀਤ ਸਿੰਘ ਇਨ੍ਹਾਂ ਨੂੰ ਲੀਡ ਕਰ ਰਿਹਾ ਸੀ। ਪੁਲਿਸ ਨੂੰ ਉਸ ਦੀ ਭਾਲ ਸੀ।

ਪੁਲਿਸ ਸੁਤਰਾਂ ਮੁਤਾਬਕ ਇਸ ਸਾਜਿਸ਼ ਨੂੰ ਅੰਜ਼ਾਮ ਦੇਣ ਲਈ ਮੁਲਜ਼ਮਾਂ ਨੂੰ ਇਸਲਾਮਿਕ ਦੇਸ਼ ਆਰਮੇਨੀਆ ਤੋਂ ਲੱਖਾਂ ਰੁਪਏ ਦੀ ਫੰਡਿੰਗ ਹੋਈ ਸੀ। ਫੜੇ ਗਏ ਸਾਰੇ ਮੁਲਜ਼ਮਾਂ ਦੇ ਖਾਤਿਆਂ ‘ਚ ਵਾਰੀ-ਵਾਰੀ ਵਿਦੇਸ਼ੀ ਫੰਡਿੰਗ ਹੋਈ ਸੀ। ਇਹ 9 ਲੱਖ ਦੀ ਫੰਡਿੰਗ ਰੈਫਰੰਡਮ 2020 ਨਾਲ ਸਬੰਧ ਰੱਖਣ ਵਾਲੇ ਖਾਲਿਸਤਾਨੀ ਸਮਰੱਥਕਾਂ ਵੱਲੋਂ ਕੀਤੀ ਗਈ ਸੀ।

ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਇਸ ਬੰਬ ਦਾ ਇਸਤੇਮਾਲ ਤਿਓਹਾਰਾਂ ਦੇ ਸੀਜ਼ਨ ‘ਚ ਕੀਤਾ ਜਾਣਾ ਸੀ। ਇਨ੍ਹਾਂ ਦੇ ਪੰਜ ਸਾਥੀ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਦੀ ਇਕਨਾਮਿਕ ਵਿੰਗ ਅਜੇ ਤਕ 9 ਲੱਖ ਦੀ ਫੰਡਿੰਗ ਦਾ ਪਤਾ ਲਾ ਚੁੱਕੀ ਹੈ। ਬਾਕੀ ਦੀ ਜਾਂਚ ਜਾਰੀ ਹੈ।