ਚੰਡੀਗੜ੍ਹ: ਕੇਂਦਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਵੱਲੋਂ ਕਰਾਏ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਦੇ ਵੱਡੇ ਇਲਾਕਿਆਂ ਵਿੱਚ ਜ਼ਮੀਨ ਹੇਠਲਾ ਪਾਣੀ ਸਿੰਜਾਈ ਲਈ ਵੀ ਵਰਤਣਯੋਗ ਨਹੀਂ ਰਿਹਾ। ਅਧਿਐਨ ਵਿੱਚ ਸਾਹਮਣੇ ਆਇਆ ਕਿ ਪਾਣੀ ਦੀ ਹੱਦ ਤੋਂ ਜ਼ਿਆਦਾ ਵਰਤੋਂ ਹੋਣ ਕਰਕੇ ਮਿੱਟੀ ਵਿੱਚ ਲੂਣ ਦੀ ਮਾਤਰਾ ਵਧ ਗਈ ਹੈ ਜਿਸ ਦਾ ਮਿੱਟੀ ਦੀ ਉਪਜਾਊ ਸ਼ਕਤੀ ’ਤੇ ਬਹੁਤ ਮਾੜਾ ਅਸਰ ਪਿਆ ਹੈ।   ਇਸ ਅਧਿਐਨ ਨੂੰ ਸਾਊਦੀ ਸੁਸਾਇਟੀ ਆਫ ਜੀਓਸਾਇੰਸਜ਼ ਦੇ ਆਫੀਸ਼ੀਅਲ ਜਰਨਲ, ਅਰੇਬੀਅਨ ਜਰਨਲ ਆਫ ਜੀਓ ਸਾਇੰਸਿਸ ਵਿੱਚ ਵੀ ਪ੍ਰਕਾਸ਼ਿਤ ਕੀਤਾ ਗਿਆ। ਇਸ ਮੁਤਾਬਕ ਪੰਜਾਬ ਦੀ ਮਾਲਵਾ ਬੈਲਟ ਦੇ 16 ਜ਼ਿਲ੍ਹਿਆਂ ਵਿੱਚੋਂ ਕਰੀਬ 76 ਨਮੂਨੇ ਲਏ ਗਏ ਜਿਨ੍ਹਾਂ ਦਾ ਦੋ ਤਰ੍ਹਾਂ ਦੇ ਕੌਮਾਂਤਰੀ ਪੈਮਾਨਿਆਂ ’ਤੇ ਮੁਲਾਂਕਣ ਕੀਤਾ ਗਿਆ। ਪਹਿਲਾ ਲੈਂਜੇਲੀਅਰ ਸੈਚੂਰੋਸ਼ਨ ਇੰਡੈਕਸ (LSI) ਤੇ ਸੋਡੀਅਮ ਅਬਜ਼ਾਰਪਸ਼ਨ ਰੇਸ਼ੋ (SAR), ਜਿਨ੍ਹਾਂ ਨੂੰ ਖੇਤੀ ਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਪਰਖਣ ਲਈ ਲਈ ਵਰਤਿਆ ਜਾਂਦਾ ਹੈ। ਇਸ ਅਧਿਐਨ ਮੁਤਾਬਕ ਮਾਲਵਾ ਖਿੱਤੇ ਦੇ 80.3 ਪ੍ਰਤੀਸ਼ਤ ਏਰੀਏ ਦੇ ਪਾਣੀ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਨਾਈਟਰੇਟ ਤੇ ਫਲੋਰੀਨ ਦੀ ਮਾਤਰਾ ਲੋੜ ਤੋਂ ਵੱਧ ਪਾਈ ਗਈ। ਇਸ ਕਰਕੇ ਇੱਥੋਂ ਦਾ ਪਾਣੀ ਪੀਣ ਦੇ ਲਾਇਕ ਨਹੀਂ ਰਿਹਾ। ਅਧਿਐਨ ਦੇ ਲੇਖਕ ਡਾ. ਸੁਰਿੰਦਰ ਸੂਥਰ ਨੇ ਦੱਸਿਆ ਕਿ ਪਾਣੀ ਵਿੱਚ ਨਾਈਟਰੇਟ ਦੀ ਮਾਤਰਾ ਬਹੁਤ ਜ਼ਿਆਦਾ ਹੈ ਜਿਸ ਕਰਕੇ ਬੱਚਿਆਂ ਨੂੰ ਬਲੂ ਬੇਬੀ ਸਿਨਡਰੋਮ ਦੀ ਬਿਮਾਰੀ ਹੋਣ ਦਾ ਡਰ ਹੈ। ਅਧਿਐਨ ਵਿੱਚ ਇਹ ਵੀ ਪਤਾ ਲੱਗਾ ਕਿ ਮਾਲਵੇ ਦਾ 70 ਫ਼ੀਸਦੀ ਜ਼ਮੀਨੀ ਪਾਣੀ ਸਿੰਜਾਈ ਲਈ ਵੀ ਵਰਤਣਯੋਗ ਨਹੀਂ ਰਿਹਾ। ਪੂਰਬੀ ਮਾਲਵੇ ਦੇ ਮਹਿਜ਼ 35 ਫ਼ੀਸਦੀ ਤੇ ਪੱਛਮੀ ਮਾਲਵੇ ਦੇ 22.3 ਫ਼ੀਸਦੀ ਹਿੱਸੇ ਦੇ ਪਾਣੀ ਦੇ ਸੈਂਪਲ ਸਿੰਜਾਈ ਲਈ ਯੋਗ ਪਾਏ ਗਏ। ਪਾਣੀ ਵਿੱਚ ਲੂਣਾਂ ਦੀ ਮਾਤਰਾ ਵਧਣ ਕਰਕੇ ਇਹ ਖੇਤੀ ਕਰਨ ਲਈ ਢੁਕਵਾਂ ਨਹੀਂ ਰਿਹਾ ਜਿਸ ਦਾ ਫ਼ਸਲ ਦੇ ਝਾੜ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਅਧਿਐਨ ਮੁਤਾਬਕ ਮਾੜੀ ਗੁਣਵੱਤਾ ਵਾਲੇ ਪਾਣੀ ਦੀ ਲਗਾਤਾਰ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਕਾਫ਼ੀ ਹੱਦ ਤਕ ਘਟ ਜਾਏਗੀ। ਇਸ ਅਧਿਐਨ ਵਿੱਚ ਮਾਲਵਾ ਇਲਾਕੇ ਵਾਤਾਵਰਨ ਪੱਖੀ ਖਾਤੀਬਾੜੀ ਮਾਡਲ ਵਿੱਚ ਬਦਲਣ ਤੇ ਐਗਰੋਕੈਮੀਕਲ (ਖੇਤੀ ਰਸਾਇਣਿਕ) ਤਰੀਕੇ ਅਪਣਾਉਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਮਨੁੱਖੀ ਸਿਹਤ ਤੇ ਮਿੱਟੀ ’ਤੇ ਲੰਮੇ ਸਮੇਂ ਦੇ ਮਾੜੇ ਅਸਰ ਤੋਂ ਬਚਾਅ ਲਈ ਜ਼ਮੀਨ ਹੇਠਲੇ ਪਾਣੀ ਨੂੰ ਵਰਤਣ ਤੋਂ ਪਹਿਲਾਂ ਸੋਧਣਾ ਜ਼ਰੂਰੀ ਹੈ।