ਤਰਨ ਤਾਰਨ: ਨਸ਼ਾ ਤਸਕਰੀ ਖਿਲਾਫ ਚੱਲੀ ਪੰਜ ਦਿਨਾਂ ਮੁਹਿੰਮ ਵਿੱਚ ਜ਼ਿਲ੍ਹਾ ਪੁਲਿਸ ਨੇ 75 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੇ ਸਬੰਧ ਸਰਹੱਦ ਪਾਰ ਪਾਕਿਸਤਾਨ ਵਿੱਚ ਵੀ ਹਨ ਤੇ ਉਹ ਲਗਾਤਾਰ ਹੈਰੋਇਨ ਦੀ ਸਪਲਾਈ ਵਿੱਚ ਸਰਗਰਮ ਸੀ।

ਐਸਐਸਪੀ ਧਰੁਮਨ ਐਚ ਨਿੰਬਵੇ ਮੁਤਾਬਿਕ ਸ਼ਨੀਵਾਰ ਨੂੰ 4.3 ਕਿਲੋ ਹੈਰੋਇਨ, 5784 ਨਸ਼ੀਲੀਆਂ ਗੋਲੀਆਂ, 2 ਕਿਲੋ ਚੂਰਾ ਪੋਸਤਾ, 2 ਦੇਸੀ ਪਿਸਤੌਲ ਤੇ 12 ਮੋਬਾਇਲ ਫੋਨ ਸਮੇਤ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ 8850 ਰੁਪਏ ਡੱਰਗ ਮਨੀ, 3 ਮੋਟਰਸਾਈਕਲ ਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਪੰਜ ਦਿਨਾਂ ਡ੍ਰਾਈਵ 27 ਫਰਵਰੀ ਨੂੰ ਸ਼ੁਰੂ ਹੋਈ ਸੀ ਜਿਸ ਵਿੱਚ ਕਈ ਥਾਂ ਛਾਪੇਮਾਰੀ ਕੀਤੀ ਗਈ। ਇਸ ਵਿੱਚ ਸਰਹੱਦੀ ਪਿੰਡ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ 300 ਹੋਰ ਬੰਦਿਆਂ ਦੀ ਪਛਾਣ ਹੋ ਗਈ ਹੈ ਜੋ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਲਗੇ ਹੋਏ ਹਨ ਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਵੀ ਛਾਪੇਮਾਰੀ ਜਾਰੀ ਹੈ।