Punjab News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਹੁਣ ਪੰਜਾਬ ਦੇ ਥਾਣਿਆਂ 'ਤੇ ਲਗਾਤਾਰ ਹੋ ਰਹੇ ਗ੍ਰਨੇਡ ਹਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ 'ਚ 28 ਦਿਨਾਂ 'ਚ ਅੱਠ ਗ੍ਰਨੇਡ ਹਮਲੇ ਅਤੇ ਆਈ.ਈ.ਡੀ. ਬਰਾਮਦ ਹੋਇਆ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਇਨ੍ਹਾਂ ਗ੍ਰਨੇਡ ਹਮਲਿਆਂ ਪਿੱਛੇ ਪਾਕਿਸਤਾਨੀ ਏਜੰਸੀ ਆਈਐਸਆਈ ਅਤੇ ਖਾਲਿਸਤਾਨੀ ਸੰਗਠਨਾਂ ਦਾ ਹੱਥ ਹੈ। ਅੱਤਵਾਦੀ ਹਰਵਿੰਦਰ ਸਿੰਘ ਰਿੰਦਾ, ਹੈਪੀ ਪਾਸੀਆ, ਜੀਵਨ ਫੌਜੀ ਤੋਂ ਇਲਾਵਾ ਕਈ ਅੱਤਵਾਦੀ ਮਾਡਿਊਲਾਂ ਦੇ ਹੈਂਡਲਰ ਇਨ੍ਹਾਂ ਗ੍ਰਨੇਡ ਹਮਲਿਆਂ ਨੂੰ ਅੰਜਾਮ ਦੇਣ ਵਿਚ ਰੁੱਝੇ ਹੋਏ ਹਨ।
ਵਧਦੇ ਹਮਲਿਆਂ ਦੇ ਮੱਦੇਨਜ਼ਰ ਐਨਆਈਏ ਨੇ ਪੰਜਾਬ ਪੁਲਿਸ ਤੋਂ ਹੁਣ ਤੱਕ ਦੀ ਜਾਣਕਾਰੀ ਲੈ ਕੇ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। NIA ਦਿੱਲੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਲਦ ਹੀ ਪੰਜਾਬ ਵਿੱਚ ਏਜੰਸੀ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ।
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਥਾਣਿਆਂ ਦੇ ਬਾਹਰ ਹੋਏ ਗ੍ਰਨੇਡ ਹਮਲਿਆਂ ਤੇ ਬਰਾਮਦ ਹੋਏ ਆਰਡੀਐਕਸ ਆਈਈਡੀ ਦੀਆਂ ਫੋਰੈਂਸਿਕ ਰਿਪੋਰਟਾਂ ਐਨਆਈਏ ਅਤੇ ਗ੍ਰਹਿ ਮੰਤਰਾਲੇ ਨਾਲ ਸਾਂਝੀਆਂ ਕੀਤੀਆਂ ਹਨ। ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਤੇ ਐਸਬੀਐਸ ਨਗਰ ਥਾਣਿਆਂ ਵਿੱਚ ਗ੍ਰੇਨੇਡ ਹਮਲੇ ਦੀਆਂ ਫੋਰੈਂਸਿਕ ਰਿਪੋਰਟਾਂ ਆ ਗਈਆਂ ਹਨ। ਬਾਕੀ ਥਾਣਿਆਂ ਅਤੇ ਚੌਕੀਆਂ ਦੇ ਬਾਹਰ ਹੋਏ ਗ੍ਰਨੇਡ ਹਮਲਿਆਂ ਦੀ ਫੋਰੈਂਸਿਕ ਜਾਂਚ ਜਲਦੀ ਕੀਤੀ ਜਾ ਰਹੀ ਹੈ।
ਜ਼ਿਕਰ ਕਰ ਦਈਏ ਕਿ ਲੰਘੇ ਕੱਲ੍ਹ ਜੀਵਨ ਫੌਜੀ ਦੀ ਇੱਕ ਆਡੀਓ ਸਾਹਮਣੇ ਆਈ ਸੀ, ਜਿਸ ਵਿੱਚ ਫੌਜੀ ਨੇ ਸਾਰੇ ਥਾਣਿਆਂ 'ਤੇ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫੌਜੀ ਨੇ ਪੰਜਾਬ ਪੁਲਿਸ ਨੂੰ ਸਿੱਧੀ ਚੁਣੌਤੀ ਵੀ ਦੇ ਦਿੱਤੀ ਕਿ ਧਮਾਕੇ ਉਦੋਂ ਤੱਕ ਨਹੀਂ ਰੁਕਣਗੇ ਜਿੰਨਾ ਚਿਰ ਉਨ੍ਹਾਂ ਦੇ ਪਰਿਵਾਰਾਂ ਤੇ ਸੂਬੇ ਦੇ ਨੌਜਵਾਨਾਂ 'ਤੇ ਗਲਤ ਤਰੀਕੇ ਨਾਲ ਕੇਸ ਦਰਜ ਕਰਨੋ ਬੰਦ ਨਹੀਂ ਕਰਦੇ।
ਜੀਵਨ ਫੌਜੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ 7 ਸਾਲ ਤੋਂ ਫੌਜ ਵਿੱਚ ਹਨ। ਪੰਜਾਬ ਪੁਲਿਸ ਨੂੰ ਲਲਕਾਰਦੇ ਹੋਏ ਫੌਜੀ ਨੇ ਕਿਹਾ ਕਿ ਉਹ ਹਰ ਤਿੰਨ ਚਾਰ ਦਿਨਾਂ ਬਾਅਦ ਸੂਬੇ ਵਿੱਚ ਅਜਿਹੇ ਧਮਾਕੇ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :