Punjab News: ਪੰਜਾਬ ਸਰਕਾਰ ਲਗਾਤਾਰ ਸਿੱਖਿਆ ਮਾਡਲ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਇਸ ਨੂੰ ਲੈ ਕੇ ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ 1,927 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ, ਲਗਭਗ 856 ਖਾਲੀ ਹਨ। ਇਹ ਜਾਣਕਾਰੀ ਡੈਮੋਕ੍ਰੇਟਿਕ ਟੀਚਰਜ਼ ਯੂਨੀਅਨ ਨੇ ਇੱਕ ਆਰਟੀਆਈ ਰਾਹੀਂ ਡੇਟਾ ਪ੍ਰਾਪਤ ਕੀਤੀ ਸੀ
ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਦਿਨੋ-ਦਿਨ ਡਾਵਾਂਡੋਲ ਹੁੰਦੀ ਜਾ ਰਹੀ ਹੈ, ਮੁੱਖ ਕਾਰਨ ਸਾਡੇ ਸਾਹਮਣੇ ਹਨ, ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ 1927 ਵਿਚੋਂ 856 ਅਸਾਮੀਆਂ ਖਾਲੀ ਪਈਆਂ ਹਨ । ਕੀ ਇਹ ਹੈ ਉਹ “ਵਿਸ਼ਵ-ਪੱਧਰੀ” ਦਿੱਲੀ ਸਿੱਖਿਆ ਮਾਡਲ, ਜਿਸਨੂੰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਪੰਜਾਬ ਵਿੱਚ ਲਾਗੂ ਕਰਨ ਦਾ ਵਾਅਦਾ ਕੀਤਾ ਸੀ ?
ਬਾਦਲ ਨੇ ਕਿਹਾ ਕਿ 44% ਅਸਾਮੀਆਂ ਖਾਲੀ ਹੋਣ ਕਰਕੇ ਸਕੂਲਾਂ ਨੂੰ ਜੂਨੀਅਰ ਅਧਿਆਪਕਾਂ ਰਾਹੀਂ ਚਲਾਇਆ ਜਾ ਰਿਹਾ ਹੈ । ਬਠਿੰਡਾ, ਮੋਗਾ, ਮਾਨਸਾ ਅਤੇ ਸੰਗਰੂਰ ਜਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹਨ ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਨੂੰ ਦੱਸੇ ਕਿ ਝੂਠੇ ਪ੍ਰਚਾਰ ‘ਤੇ ਕਰੋੜਾਂ ਰੁਪਏ ਖ਼ਰਚ ਕੇ ਜਿਹੜੀ ਕ੍ਰਾਂਤੀ ਦਿਖਾਈ ਗਈ ਹੈ, ਉਹ ਕਿੱਥੇ ਹੈ ? ਜਾਂ ਜਿਵੇਂ ਹਰ ਔਰਤ ਨੂੰ ₹1,000 ਮਹੀਨਾ ਅਤੇ 22 ਫਸਲਾਂ ’ਤੇ MSP ਦੇਣ ਦੇ ਵਾਅਦੇ ਖੋਖਲੇ ਸਨ, ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸਿੱਖਿਆ ਕ੍ਰਾਂਤੀ ਦੇ ਦਾਅਵੇ ਵੀ ਝੂਠੇ ਸਾਬਿਤ ਹੋਏ ਹਨ, ਜਿਸਨੇ ਸਾਡੇ ਬੱਚਿਆਂ ਦਾ ਭਵਿੱਖ ਦਾਅ ’ਤੇ ਲਾਇਆ ਹੋਇਆ ਹੈ ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :