Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਦੀਪਕ ਟੀਨੂ ਨੂੰ ਭਜਾਉਣ ਵਿੱਚ ਉਸ ਦੇ ਭਰਾ ਚਿਰਾਗ ਨੇ ਹੀ ਮੁੱਖ ਭੂਮਿਕਾ ਨਿਭਾਈ ਸੀ। ਗੈਂਗਸਟਰ ਦੀਪਕ ਟੀਨੂ ਮਾਨਸਾ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਹਿਰਾਸਤ ਵਿਚੋਂ ਫਰਾਰ ਹੋਇਆ ਸੀ।


ਹੁਣ ਦੀਪਕ ਟੀਨੂ ਦੇ ਫੜੇ ਜਾਣ ਮਗਰੋਂ ‘ਸਿਟ’ ਵੱਲੋਂ ਉਸ ਤੋਂ ਕੀਤੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਨੂੰ ਭਜਾਉਣ ਵਿੱਚ ਉਸ ਦੇ ਭਰਾ ਚਿਰਾਗ ਨੇ ਹੀ ਮੁੱਖ ਭੂਮਿਕਾ ਨਿਭਾਈ ਸੀ। ਇਸ ਦੌਰਾਨ ਟੀਨੂ ਨੂੰ ਫ਼ਰਜ਼ੀ ਪਾਸਪੋਰਟ ’ਤੇ ਨੇਪਾਲ ਦੇ ਰਸਤੇ ਵਿਦੇਸ਼ ਫਰਾਰ ਕਰਨ ਦੀ ਯੋਜਨਾ ਸੀ। ਚਿਰਾਗ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ 32 ਬੋਰ ਦੇ ਚਾਰ ਪਿਸਤੌਲਾਂ, 24 ਕਾਰਤੂਸਾਂ ਤੇ 2 ਗੱਡੀਆਂ ਸਮੇਤ ਕਾਬੂ ਕਰ ਲਿਆ ਗਿਆ ਹੈ। 


ਹਾਸਲ ਜਾਣਕਾਰੀ ਅਨੁਸਾਰ ਚਿਰਾਗ ਨੂੰ ਹਰਿਆਣਾ ਦੇ ਹਿਸਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੀਟੀਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਿਰਾਗ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ‘ਸਿਟ’ ਦੇ ਮੁਖੀ ਤੇ ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਸੋਮਵਾਰ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। 


ਦੱਸ ਦਈਏ ਕਿ ਪਹਿਲਾਂ ਚਿਰਾਗ ਦੀਪਕ ਟੀਨੂ ਤੇ ਉਸ ਦੀ ਦੋਸਤ ਜਤਿੰਦਰ ਜੋਤੀ ਨੂੰ ਸੀਆਈਏ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਰਿਹਾਇਸ਼ ਦੇ ਬਾਹਰੋਂ ਰਾਜਸਥਾਨ ਲੈ ਕੇ ਗਿਆ ਸੀ ਜਿੱਥੇ ਉਸ ਨੇ ਦੋਵਾਂ ਨੂੰ ਵੱਖ-ਵੱਖ ਥਾਵਾਂ ’ਤੇ ਰੱਖਿਆ। ਟੀਨੂੰ ਦੇ ਇੱਕ ਹੋਰ ਭਰਾ ਬਿੱਟੂ ਨੂੰ ਵੀ ਦਿੱਲੀ ਪੁਲਿਸ ਵੱਲੋਂ ਫੜਿਆ ਗਿਆ ਹੈ। ਉਸ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। 


ਗ੍ਰਿਫ਼ਤਾਰ ਕੀਤੇ ਗਏ ਟੀਨੂ ਦੇ ਇਕ ਹੋਰ ਸਾਥੀ ਸਰਬਜੋਤ ਸਨੀ ਕੋਲੋਂ ਭਜਾਉਣ ਲਈ ਵਰਤੀ ਗਈ ਮਰਸਿਡੀਜ਼ ਗੱਡੀ ਤੇ ਪਿਸਤੌਲ ਬਰਾਮਦ ਹੋਇਆ ਹੈ। ਆਈਜੀ ਛੀਨਾ ਨੇ ਦੱਸਿਆ ਕਿ ਟੀਨੂ ਨੂੰ ਗ੍ਰਿਫ਼ਤਾਰ ਕਰਨ ਲਈ ਰਾਜਸਥਾਨ ਵਿੱਚ ਕਈ ਛਾਪੇ ਮਾਰੇ ਗਏ ਸਨ। ਇਸੇ ਦੌਰਾਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਟੀਨੂ ਤੇ ਉਸ ਦੇ ਭਰਾ ਬਿੱਟੂ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਸੀ। 


ਦੀਪਕ ਟੀਨੂ ਕੋਲੋਂ ਅਸਲਾ ਤੇ ਹਥਿਆਰ ਵੀ ਬਰਾਮਦ ਹੋਏ ਸਨ। ਆਈਜੀ ਨੇ ਦੱਸਿਆ ਕਿ ਟੀਨੂ ਦੇ ਫਰਾਰ ਹੋਣ ਦੇ ਮਾਮਲੇ ’ਚ ਨਾਮਜ਼ਦ ਸਾਰੇ 9 ਜਣਿਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।