ਅੰਮ੍ਰਿਤਸਰ : ਕੇਂਦਰ ਸਰਕਾਰ ਦੇ ਪ੍ਰੋਜੈਕਟ ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇ ਵਿਚ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਵੱਡੀ ਧਾਂਦਲੀ ਹੋਈ ਹੈ। ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਿਕਾਇਤ ਮਿਲੀ ਹੈ। ਸ਼ਿਕਾਇਤ ਮਿਲਣ 'ਤੇ 24 ਘੰਟਿਆਂ ਵਿਚਾਲੇ ਕਾਰਵਾਈ ਅਮਲ ਵਿੱਚ ਲਿਆਉਣ ਲਈ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੁਦਨ ਨੂੰ ਦੋ ਹਫਤਿਆਂ ਵਿਚ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।


ਕਿਹਾ ਜਾ ਰਿਹਾ ਹੈ ਕਿ ਕੁਝ ਕਿਸਾਨਾ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਖੇਤੀ ਯੋਗ ਜ਼ਮੀਨ ਦੇ ਕਈ ਗੁਣਾ ਵਧ ਪੈਸੇ ਵਸੂਲੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਸੀ ਅੰਮ੍ਰਿਤਸਰ ਨੇ ਕਿਹਾ ਕਿ ਜਾਂਚ ਤੋਂ ਬਾਅਦ ਵੱਧ ਗਏ ਪੈਸਿਆਂ ਦੀ ਰਿਕਵਰੀ ਹੋਵੇਗੀ। ਕੋਈ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ। ਦੱਸ ਦੇਈਏ ਕਿ ਇਹ ਮਾਮਲਾ ਅੰਮ੍ਰਿਤਸਰ ਦੇ ਮਾਨਾਂਵਾਲਾ ਵਿਖੇ ਕੇਂਦਰ ਸਰਕਾਰ ਦੇ ਐਕਸਪ੍ਰੈਸ ਹਾਈਵੇ ਲਈ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਹੋਈ ਧਾਂਦਲੀ ਦਾ ਹੈ।

 

ਜਿਸ ਵਿਚ ਕੁਝ ਕਿਸਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਖੇਤੀ ਯੋਗ ਜ਼ਮੀਨ ਨੂੰ ਕਮਰਸ਼ੀਅਲ ਦਸ ਕਈ ਗੁਣਾ ਜ਼ਿਆਦਾ ਪੈਸੇ ਵਸੂਲਣ ਦਾ ਸਾਹਮਣਾ ਆਇਆ ਹੈ। ਜਿਸ ਸੰਬਧੀ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਕੁਝ ਕਿਸਾਨਾਂ ਵਲੋਂ ਮਿਲੀ ਸ਼ਿਕਾਇਤ ਸੰਬਧੀ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੁਦਨ ਨੂੰ ਮੌਕੇ 'ਤੇ ਮਾਨਾਂਵਾਲਾ ਵਿਖੇ ਬੁਲਾ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਦੇਸ਼ ਦਿੱਤੇ ਹਨ ਕਿ ਇਸ ਮਾਮਲੇ ਦੀ ਦੋ ਹਫਤਿਆਂ ਵਿਚ ਪੂਰੀ ਜਾਂਚ ਕਰ ਕੇ ਰਿਪੋਰਟ ਸੌਪੀ ਜਾਵੇ।

 

ਜੋ ਵੀ ਕਿਸਾਨ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਸਾਹਮਣੇ ਆਉਂਦਾ ਹੈ ਉਸ 'ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਕਿਹਾ ਕਿ ਬੀਤੀ ਸਰਕਾਰ ਦੇ ਮੰਤਰੀਆਂ ਦੇ ਇਸ਼ਾਰੇ ਅਤੇ ਮਿਲੀਭੁਗਤ ਨਾਲ ਇਹ ਜੌ ਘਪਲੇ ਹੋਏ ਹਨ ਇਹਨਾ ਦਾ ਪਰਦਾਫਾਸ਼ ਕਰਾਂਗੇ ਕਿਉਕਿ ਕੇਂਦਰ ਸਰਕਾਰ ਦਾ ਪੈਸਾ ਸਾਡੇ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਇਸਨੂੰ ਕਿਸੇ ਵੀ ਘਪਲੇ ਵਿਚ ਗਲਤ ਵਰਤੋਂ ਨਹੀ ਕਰਨ ਦਿੱਤੀ ਜਾਵੇਗੀ।

ਇਸ ਸੰਬਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੁਦਨ ਨੇ ਦੱਸਿਆ ਕਿ ਸਾਨੂੰ ਪੇਂਡੂ ਵਿਕਾਸ ਮੰਤਰੀ ਦੀਆਂ ਜੋ ਹਿਦਾਇਤਾਂ ਮਿਲੀਆਂ ਹਨ ਉਹਨਾਂ ਦੇ ਅਮਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਹਿਦਾਇਤਾਂ ਪਾਸ ਕਰ ਕੇ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ। ਜਲਦ ਹੀ ਮਿਥੇ ਸਮੇਂ ਵਿਚ ਇਸ ਉਪਰ ਕਾਰਵਾਈ ਕਰਦਿਆਂ ਜੋ ਵੀ ਦੋਸ਼ੀ ਸਾਹਮਣੇ ਆਵੇਗਾ ਉਸ 'ਤੇ ਬਣਦੀ ਕਾਰਵਾਈ ਕਰਦਿਆ ਜੋ ਪੈਸੇ ਵਾਧੂ ਗਏ ਹਨ ਉਸ ਨੂੰ ਰਿਕਵਰੀ ਵੀ ਕੀਤਾ ਜਾਵੇਗਾ।