Punjabi Students in Canada: ਬੱਚਿਆਂ ਨੂੰ ਕੈਨੇਡਾ ਭੇਜਣ ਵਾਲੇ ਸਾਵਧਾਨ ਹੋ ਜਾਣ। ਜਾਅਲੀ ਆਫਰ ਲੈਟਰ ਨਾਲ ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਹੁਣ ਸੈਂਕੜੇ ਪੰਜਾਬੀ ਵਿਦਿਆਰਥੀ ਕੈਨੇਡਾ ਵਿੱਚ ਫਸ ਗਏ ਹਨ। ਉਹ ਏਜੰਟਾਂ ਨੂੰ 15 ਤੋਂ 20 ਲੱਖ ਰੁਪਏ ਦੇ ਕੇ ਕੈਨੇਡਾ ਪੜ੍ਹਾਈ ਕਰਨ ਗਏ ਸੀ ਪਰ ਹੁਣ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਹੋ ਰਹੀ ਹੈ।


ਹਾਸਲ ਜਾਣਕਾਰੀ ਮੁਤਾਬਕ ਕੈਨੇਡਾ ਦੇ ਸੂਬੇ ਓਂਟਾਰੀਓ ਦੇ ਇੱਕ ਕਾਲਜ ਵਿੱਚ ਦਾਖਲੇ ਦੇ ਆਧਾਰ ’ਤੇ ਵੀਜ਼ੇ ਲੈ ਕੇ ਪੁੱਜੇ ਸੈਂਕੜੇ ਪੰਜਾਬੀ ਵਿਦਿਆਰਥੀਆਂ ਵੱਲੋਂ ਵਰਤੇ ਗਏ ਦਸਤਾਵੇਜ਼ ਜਾਅਲੀ ਸਾਬਤ ਹੋਣ ਮਗਰੋਂ ਸਰਹੱਦੀ ਸੇਵਾਵਾਂ ਵਿਭਾਗ (ਸੀਬੀਐਸਏ) ਨੇ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ 722 ਵਿਦਿਆਰਥੀਆਂ ਵਿੱਚੋਂ ਬਹੁਗਿਣਤੀ ਉਹ ਵਿਦਿਆਰਥੀ ਹਨ ਜਿਨ੍ਹਾਂ ਨੂੰ ਜਲੰਧਰ ਦੇ ਇੱਕ ਏਜੰਟ ਨੇ ਭੇਜਿਆ ਸੀ ਤੇ ਉਹ ਤਿੰਨ-ਚਾਰ ਸਾਲ ਤੋਂ ਕੈਨੇਡਾ ਰਹਿ ਰਹੇ ਸਨ। 



ਦਰਅਸਲ ਇਹ ਜਾਅਲਸਾਜ਼ੀ ਉਦੋਂ ਸਾਹਮਣੇ ਆਈ, ਜਦੋਂ ਇਨ੍ਹਾਂ ਵਿਦਿਆਰਥੀਆਂ ਵੱਲੋਂ ਪੱਕੇ ਹੋਣ ਲਈ ਅਵਾਸ ਵਿਭਾਗ ਨੂੰ ਭੇਜੀਆਂ ਗਈਆਂ ਫਾਈਲਾਂ ਦੀ ਸਰਹੱਦੀ ਸੇਵਾਵਾਂ ਵਿਭਾਗ ਨੇ ਜਾਂਚ ਕੀਤੀ। ਵਿਭਾਗ ਵੱਲੋਂ ਵਿਦਿਆਰਥੀਆਂ ਦਾ ਪੱਖ ਜਾਣਨ ਮੌਕੇ ਏਜੰਟ ਦੀ ਜਾਅਲਸਾਜ਼ੀ ਦੀਆਂ ਪਰਤਾਂ ਖੁੱਲ੍ਹੀਆਂ। ਪਤਾ ਲੱਗਿਆ ਹੈ ਕਿ ਜਲੰਧਰ ਦੇ ਇਸ ਏਜੰਟ ਦਾ ਦਫ਼ਤਰ ਕਈ ਮਹੀਨਿਆਂ ਤੋਂ ਬੰਦ ਹੈ। 



ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਏਜੰਟ ਟਰਾਂਟੋ ਦੇ ਇੱਕ ਕਾਲਜ ਦਾ ਜਾਅਲੀ ਆਫਰ ਲੈਟਰ ਲਾ ਕੇ ਹਰੇਕ ਵਿਦਿਆਰਥੀ ਤੋਂ ਕਰੀਬ 15 ਤੋਂ 20 ਲੱਖ ਰੁਪਏ ਤੱਕ ਲੈ ਕੇ ਵੀਜ਼ੇ ਲਵਾ ਦਿੰਦਾ ਸੀ। ਜਦ ਵਿਦਿਆਰਥੀ ਟਰਾਂਟੋ ਪਹੁੰਚਦੇ ਤਾਂ ਉਨ੍ਹਾਂ ਨੂੰ ਕਾਲਜ ਦੀਆਂ ਸੀਟਾਂ ਭਰਨ ਬਾਰੇ ਕਹਿ ਕੇ ਛੇ ਮਹੀਨੇ ਉਡੀਕ ਕਰਨ ਜਾਂ ਕਿਸੇ ਹੋਰ ਕਾਲਜ ਵਿਚ ਦਾਖਲ ਹੋਣ ਲਈ ਕਹਿੰਦਾ। ਭਰੋਸਾ ਪੱਕਾ ਕਰਨ ਲਈ ਹੋਰ ਕਾਲਜਾਂ ਵਿੱਚ ਦਾਖ਼ਲਾ ਭਰਨ ਲਈ ਇਹੀ ਏਜੰਟ 5-6 ਲੱਖ ਰੁਪਏ ਮੋੜ ਵੀ ਦਿੰਦਾ ਰਿਹਾ। 


ਦੋ-ਦੋ ਸਾਲ ਪੜ੍ਹਾਈ ਕਰਕੇ ਜਦੋਂ ਵਿਦਿਆਰਥੀਆਂ ਨੇ ਪੱਕੇ ਹੋਣ ਲਈ ਕਾਗ਼ਜ਼ ਭਰੇ ਤਾਂ ਜਾਂਚ ਦੌਰਾਨ ਜਾਅਲਸਾਜ਼ੀ ਦਾ ਭਾਂਡਾ ਫੁੱਟਿਆ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕਿ ਏਜੰਟ ਵੀਜ਼ਾ ਦਰਖਾਸਤ ਉਤੇ ਵਿਦਿਆਰਥੀ ਵੱਲੋਂ ‘ਖ਼ੁਦ ਫਾਰਮ ਭਰ ਰਿਹਾ ਤੇ ਏਜੰਟ ਦੀ ਮਦਦ ਨਹੀਂ ਲੈ ਰਿਹਾ’ ਲਿਖਵਾ ਕੇ ਜਾਅਲਸਾਜ਼ੀ ਦੀ ਜ਼ਿੰਮੇਵਾਰੀ ਵੀ ਵਿਦਿਆਰਥੀਆਂ ਸਿਰ ਪਾਉਂਦਾ ਰਿਹਾ।