Punjab News: ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ 'ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ ਪੁਲਿਸ ਅਤੇ ਨਿਹੰਗਾਂ ਵਿਚਾਲੇ ਗੋਲੀਬਾਰੀ ਹੋਈ। ਜਿਸ 'ਚ ਪੰਜਾਬ ਪੁਲਿਸ ਦਾ ਇੱਕ ਹੋਮਗਾਰਡ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।


ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਸੁਲਤਾਨਪਰ ਲੋਧੀ ਹੋਈ ਅਤਿ ਨਿੰਦਣਯੋਗ ਘਟਨਾ ਚ ਇੱਕ ਪੁਲਿਸ ਕਰਮੀ ਦੀ ਜਾਨ ਗਈ। ਪਰਿਵਾਰ ਨਾਲ ਦਿਲੋਂ  ਹਮਦਰਦੀ ਹੈ। ਇਸ ਸਭ ਦਾ ਜ਼ਿੰਮੇਵਾਰ ਭਗਵੰਤ ਮਾਨ ਹੈ ਜਿਸ ਨੇ ਨਿੱਜੀ ਸਾਂਝ ਨੂੰ ਨਿਭਾਉਣ ਲਈ ਇਹ ਸਭ ਕਰਵਾਇਆ !! 






ਕੀ ਕੋਈ ਰਾਸ਼ੀ ਦੇਣ ਨਾਲ ਕਿਸ ਦੇ ਪਰਿਵਾਰ ਦਾ ਜੀਅ ਵਾਪਿਸ ਆਵੇਗਾ ? ਜੋ ਮਸਲਾ ਬੈਠ ਕੇ ਹੱਲ ਹੋ ਸਕਦਾ ਸੀ ਉਸ ਨੂੰ ਇਹ  ਰੰਗਤ ਦੇਣ ਦੇ ਦੋਸ਼ ਅਤੇ ਗੋਲੀ ਚਲਵਾਉਣ ਦੇ ਦੋਸ਼ 'ਚ ਭਗਵੰਤ ਮਾਨ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।


ਮਜੀਠੀਆ ਨੇ ਭਗਵੰਤ ਮਾਨ ਦੀ ਤੁਲਣਾ ਇੰਦਰਾਂ ਗਾਂਧੀ ਨਾਲ ਕੀਤੀ ਜਿਸਨੇ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦਵਾਰਾ ਸਾਹਿਬਾਨ 'ਤੇ ਹਮਲਾ ਕੀਤਾ ਸੀ।ਉਨਾਂ ਇਹ ਵੀ ਦਾਅਵਾ ਕੀਤਾ ਕਿ ਉਥੇ ਕਿਸੇ ਵੀ ਤਰਾਂ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੀ।ਜਿਸ ਸਮੇਂ ਪੁਲਿਸ ਵੱਲੋਂ ਨਿਹੰਗ ਸਿੰਘਾਂ 'ਤੇ ਗੋਲੀ ਚਲਾਈ ਗਈ ਉਸ ਸਮੇਂ ਪ੍ਰਸਾਸ਼ਨ ਵੱਲੋਂ ਉਥੇ ਕੋਈ ਵੀ ਮੈਜਿਸਟ੍ਰੇਟ ਤਾਇਨਾਤ ਨਹੀਂ ਸੀ ਅਤੇ ਨਾਂ ਹੀ ਉਸ ਸਮੇਂ ਉਥੇ ਕੋਈ ਮੈਜਿਸਟ੍ਰੇਟ ਹਾਜ਼ਰ ਹੀ ਸੀ।


ਇਸ ਬਾਬਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਪਿਛਲੇ ਦਿਨੀਂ ਨਿਹੰਗ ਸਿੰਘ ਜਥੇਬੰਦੀਆਂ ਦੀ ਆਪਸੀ ਟਕਰਾਅ ਦੀ ਵਾਪਰੀ ਘਟਨਾ ਬਹੁਤ ਹੀ ਮੰਦਭਾਗੀ ਹੈ। ਇਸ ਟਕਰਾਅ ਨਾਲ ਗੁਰਦੁਆਰਾ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਵੀ ਢਾਹ ਲੱਗੀ ਹੈ, ਜੋ ਕੇ ਬਿਲਕੁਲ ਉਚਿੱਤ ਨਹੀਂ।ਗੁਰਦੁਆਰਾ ਸਾਹਿਬ ਜੀ ਦੀ ਮਾਣ ਮਰਿਆਦਾ ਨਾਲ ਸੰਸਾਰ ਭਰ ਵਿੱਚ ਵਸਦੇ ਸਮੂਹ ਸਿੱਖਾਂ ਦੀਆਂ ਭਾਨਾਵਾਂ ਜੁੜੀਆਂ ਹੁੰਦੀਆਂ ਹਨ। ਸਿੰਘ ਸਾਹਿਬ ਜੀ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇਸ ਮਸਲੇ ਦੀ ਮੁਕੰਮਲ ਘੋਖ ਪੜਤਾਲ ਕਰਕੇ ਰਿਪੋਰਟ ਇਕ ਹਫਤੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।