ਕਹਿਰ ਦੀ ਪੈ ਰਹੀ ਗਰਮੀ ਅਤੇ ਬੱਚਿਆਂ ਦੀਆਂ ਸਕੂਲੋਂ ਛੁੱਟੀਆਂ ਕਾਰਨ ਸੈਰ ਸਪਾਟੇ ਲਈ ਲੋਕ ਪੰਜਾਬ ਤੋਂ ਹਿਮਾਚਲ ਜਾ ਰਹੇ ਹਨ। ਪਰ ਖਬਰਾਂ ਸੈਰ ਸਪਾਟੇ ਦੀਆਂ ਨਹੀਂ ਮਾਰ ਕੁਟਾਪੇ ਦੀਆਂ ਆ ਰਹੀਆਂ ਹਨ। ਹਿਮਾਚਲ ਜਾ ਰਹੇ ਪੰਜਾਬੀਆਂ ਤੇ ਉੱਥੋਂ ਦੇ ਸ਼ਰਾਰਤੀ ਲੋਕਾਂ ਵਲੋਂ ਕੀਤੇ ਜਾ ਰਹੇ ਹਮਲਿਆਂ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਫਿਲੌਰ ਤੋਂ ਮਣੀਕਰਨ ਸਾਹਿਬ ਗਏ ਕੌਂਸਲਰ ਪਤੀ ਲਖਵਿੰਦਰ ਲੱਖੂ ਤੇ ਉਸ ਦੇ 4 ਰਿਸ਼ਤੇਦਾਰਾਂ ‘ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।


ਲੱਖੂ ਨੇ ਦੱਸਿਆ ਕਿ ਮਣੀਕਰਨ ਸਾਹਿਬ ਨਜ਼ਦੀਕ ਗੱਡੀ ਖ਼ਰਾਬ ਹੋਣ ਕਰਕੇ ਉਹ ਸੜਕ ‘ਤੇ ਹੀ ਰੁਕੇ ਸਨ ਤੇ ਕਰੀਬ ਤੜਕੇ ਤਿੰਨ ਵਜੇ 12 ਵਿਅਕਤੀਆਂ ਤੇ ਤਿੰਨ ਔਰਤਾਂ ਵਲੋਂ ਉਨ੍ਹਾਂ ‘ਤੇ ਹਮਲਾ ਬੋਲਦਿਆਂ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਬਾਹਰ ਨਿਕਲਦੇ ਸਾਰ ਹੀ ਦਾਤਰ ਅਤੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਉਸ ਦੀ 2 ਹਿੱਸਿਆ ਤੋਂ ਬਾਂਹ ਟੁੱਟ ਗਈ ਤੇ ਉਸ ਦੇ ਸਾਥੀਆਂ ਵਿਚੋਂ ਇਕ ਦੇ ਸਿਰ ‘ਚ ਤੇ ਇਕ ਦੇ ਮੋਢੇ ‘ਤੇ ਦਾਤ ਮਾਰ ਕੇ ਜ਼ਖਮੀ ਕਰ ਦਿੱਤਾ।


ਲੱਖੂ ਨੇ ਦੱਸਿਆ ਕਿ ਉਨ੍ਹਾਂ ਨੇ ਖੱਡ ‘ਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ ਤੇ ਕਿਸੇ ਢਾਬੇ ਵਾਲੇ ਦੀ ਮਦਦ ਨਾਲ ਪੁਲਿਸ ਬੁਲਾਈ। ਉਨ੍ਹਾਂ ਉੱਥੇ ਕਿਸੇ ਹਸਪਤਾਲ ਤੋਂ ਮੁੱਢਲੀ ਸਹਾਇਤਾ ਲਈ ਤੇ ਉਥੇ ਮੌਜੂਦ ਡਾਕਟਰ ਨੇ ਵੀ ਦੱਸਿਆ ਕਿ ਪੰਜਾਬੀਆਂ ‘ਤੇ ਹੋ ਰਹੇ ਹਮਲੇ ਦਾ ਅੱਜ ਇਹ ਚੌਥਾ ਕੇਸ ਸਾਡੇ ਕੋਲ ਆਇਆ ਹੈ। ਲੱਖੂ ਨੇ ਦੋਸ਼ ਲਾਇਆ ਕਿ ਮਦਦ ਲਈ ਆਏ ਪੁਲਿਸ ਕਰਮਚਾਰੀਆਂ ਨੇ ਵੀ ਸਾਨੂੰ ਡਰਾ ਧਮਕਾ ਕੇ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਤੇ ਆਪਣੀ ਲਿਖੀ ਹੋਈ ਲਿਖਤ ‘ਤੇ ਸਾਡੇ ਕੋਲੋਂ ਦਸਤਖ਼ਤ ਕਰਵਾ ਕੇ ਕੇਸ ਰਫਾ-ਦਫਾ ਕਰਨ ਦਾ ਆਖ ਸਾਡੇ ਕੋਲੋਂ ਪੈਸੈ ਵੀ ਵਸੂਲੇ। ਜਿਸ ਮਗਰੋਂ ਅਸੀ 8500 ਰੁਪਏ ਖ਼ਰਚ ਕਰਕੇ ਗੱਡੀ ਟੋਹ ਕਰਕੇ ਆਪਣੇ ਘਰ ਪਹੁੰਚੇ ਤੇ ਗੱਡੀ ਵਿਚ ਰੱਖੇ 20 ਹਜ਼ਾਰ ਰੁਪਏ ਵੀ ਗ਼ਾਇਬ ਸਨ।


ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਐਨ.ਆਰ.ਆਈ. ਜੋੜੇ ‘ਤੇ ਹੋਏ ਹਮਲੇ ਦੇ ਸਬੰਧ ‘ਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਗਈ ਸੀ ਤੇ ਹਿਮਾਚਲ ਦੇ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ। ਪਰ ਇਸ ਦੇ ਬਾਵਜੂਦ ਵੀ ਹਿਮਾਚਲ ‘ਚ ਲਗਾਤਾਰ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।