ਗੋਰਖਪੁਰ: ਪੰਜਾਬ ਤੋਂ ਮਜ਼ਦੂਰਾਂ ਨੂੰ ਲੈ ਕੇ ਬਿਹਾਰ ਸੂਬੇ ਦੇ ਮਧੂਬਨੀ ਜਾ ਰਹੀ ਲਗਜ਼ਰੀ ਬੱਸ ਸੋਮਵਾਰ ਸਵੇਰੇ ਇੱਕ ਖੜ੍ਹੇ ਟਰੱਕ ਨਾਲ ਟੱਕਰਾ ਗਈ। ਇਸ ਸੜਕ ਹਾਦਸੇ ਦੌਰਾਨ 20 ਮਜ਼ਦੂਰ ਜ਼ਖਮੀ ਹੋ ਗਏ ਜਿਸ ਵਿੱਚੋ 10 ਮਜ਼ਦੂਰਾਂ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਕੁਸ਼ੀਨਗਰ ਜ਼ਿਲ੍ਹੇ ਦੇ ਪਟਹੇਰਵਾ ਥਾਣਾ ਖੇਤਰ ਦੇ ਰਾਸ਼ਟਰੀ ਰਾਜਮਾਰਗ 'ਤੇ ਰਜਵਟਿਆ ਪਿੰਡ ਨੇੜੇ ਹੋਇਆ। ਬੱਸ ਵਿੱਚ ਕੁੱਲ੍ਹ 80 ਮਜ਼ਦੂਰ ਸਵਾਰ ਸੀ। ਪੰਜਾਬ ਦੇ ਨਾਭਾ ਤੋਂ ਇਹ ਮਜ਼ਦੂਰ ਬਿਹਾਰ ਜਾ ਰਹੇ ਸੀ।
ਪੁਲਿਸ ਮੁਤਾਬਕ ਸੋਮਵਾਰ ਸਵੇਰੇ ਤੜਕੇ 3-4 ਵਜੇ ਬੱਸ ਆਲੂਆਂ ਨਾਲ ਲੱਦੇ ਟਰੱਕ ਵਿੱਚ ਪਿਛੋਂ ਦੀ ਜਾ ਵੱਜੀ।ਬੱਸ ਦੀ ਰਫ਼ਤਾਰ ਕਾਫੀ ਤੇਜ਼ ਦੱਸੀ ਜਾ ਰਹੀ ਹੈ ਜਿਸ ਕਾਰਨ ਬੱਸ ਦਾ ਅੱਗਲਾ ਹਿੱਸਾ ਪੰਜ ਫੁੱਟ ਤੱਕ ਟਰੱਕ ਦੇ ਵਿੱਚ ਵੜ ਗਿਆ। ਇਸ ਦੌਰਾਨ ਬੱਸ ਦੇ ਕੈਬਿਨ ਵਿੱਚ ਬੈਠੇ ਮਜ਼ਦੂਰ ਬੁਰੀ ਤਰ੍ਹਾਂ ਦਬ ਗਏ।
ਘਟਨਾ ਮਗਰੋਂ ਆਲੇ ਦੁਆਲੇ ਦੀ ਲੋਕਾਂ ਨੇ ਬਚਾਅ ਕਾਰਜ ਕਰਦੇ ਹੋਏ ਬੜੀ ਮੁਸ਼ਕਤ ਨਾਲ ਬੱਸ ਅੰਦਰ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।