ਸੰਗਰੂਰ: ਇੱਥੇ ਇੱਕ ਕੁਆਰੀ ਕੁੜੀ ਨੇ ਵਿਆਹੇ ਮੁੰਡੇ 'ਤੇ ਬਲਾਤਕਾਰ ਦਾ ਕੇਸ ਦਰਜ ਕਰਾਇਆ ਤਾਂ ਇਸ ਤੋਂ ਨਾਰਾਜ਼ ਹੋਏ ਮੁੰਡੇ ਨੇ ਕੁੜੀ ਦੇ ਘਰ ਜਾ ਕੇ ਜ਼ਹਿਰ ਨਿਗਲ ਲਿਆ। ਇਲਾਜ ਦੌਰਾਨ ਮੁੰਡੇ ਦੀ ਮੌਤ ਹੋ ਗਈ। ਹਾਲਾਂਕਿ ਕੁੜੀ ਦੇ ਘਰ ਜਾਣ ਤੋਂ ਪਹਿਲਾਂ ਹੀ ਮੁੰਡੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਮੁੰਡੇ ਨੇ ਕੁੜੀ ਤੇ ਉਸ ਦੇ ਭਰਾਵਾਂ ਨੂੰ ਆਪਣੀ ਮੌਤ ਦਾ ਕਾਰਨ ਦੱਸਿਆ ਹੈ।


ਮ੍ਰਿਤਕ ਮੁੰਡੇ ਦੇ ਪਿਤਾ ਦਾ ਇਲਜ਼ਾਮ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਮੁੰਡੇ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਜ਼ਬਰਦਸਤੀ ਜ਼ਹਿਰ ਦੇ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਲੜਕੀ ਸਮੇਤ ਤਿੰਨ ਹੋਰ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।


ਲੜਕੀ ਨੇ 6 ਸਤੰਬਰ ਨੂੰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸ਼ਾਦੀਹਰੀ ਵਾਸੀ ਬਿੱਟੂ ਉਰਫ ਕਾਲਾ ਨਾਲ ਉਸ ਦੀ ਦੋਸਤੀ ਹੋ ਗਈ ਸੀ। ਇਸ ਦੇ ਬਾਅਦ ਬਿੱਟੂ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਉਸ ਨੂੰ ਡਰਾ ਧਮਕਾ ਕੇ ਸਰੀਰਕ ਸਬੰਧ ਬਣਾਉਣ ਲੱਗਾ ਤੇ ਕਿਹਾ ਕਿ ਜੇ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਏਗਾ। ਇਸ ਤਰੀਕੇ ਮੁਲਜ਼ਮ ਨੇ ਕਾਫੀ ਸਮੇਂ ਤਕ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਪਿੱਛੋਂ ਪੁਲਿਸ ਨੇ ਬਿੱਟੂ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕੀਤਾ।


ਮਾਮਲਾ ਦਰਜ ਹੋਣ ਪਿੱਛੋਂ ਮੁਲਜ਼ਮ ਲੜਕੇ ਨੇ ਸ਼ਨੀਵਾਰ ਨੂੰ 1 ਵਜੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਤੇ ਕੰਧ ਟੱਪ ਕੇ ਲੜਕੀ ਦੇ ਘਰ ਵੜ ਗਿਆ। ਇਸ ਦਾ ਪਤਾ ਲੱਗਦਿਆਂ ਹੀ ਲੜਕੀ ਦੇ ਘਰਦੇ ਇਕੱਠੇ ਹੋ ਗਏ। ਇਸ ਦੇ ਬਾਅਦ ਮੁਲਜ਼ਮ ਨੇ ਜ਼ਹਿਰ ਖਾ ਲਿਆ। ਪਰਿਵਾਰ ਨੇ ਤੁਰੰਤ ਪੰਚਾਇਤ ਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਦੇ ਬਾਅਦ ਪੰਚਾਇਤ ਤੇ ਪੁਲਿਸ ਲੜਕੀ ਘਰ ਪਹੁੰਚੀ ਤੇ ਲੜਕੇ ਨੂੰ ਸੁਨਾਮ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ।