Punjab News: ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Bittu) ਆਮ ਆਦਮੀ ਪਾਰਟੀ ਸਰਕਾਰ 'ਤੇ ਭੜਕ ਉੱਠੇ ਹਨ । ਉਨ੍ਹਾਂ ਕਿਹਾ ਹੈ ਕਿ ਸਿੱਖਿਆ ਕ੍ਰਾਂਤੀ ਦੇ ਨਾਮ 'ਤੇ, ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਸਕੂਲਾਂ ਵਿੱਚ ਕਈ ਥਾਵਾਂ 'ਤੇ ਕੰਮਾਂ ਦਾ ਨੀਂਹ ਪੱਥਰ ਰੱਖ ਰਹੀ ਹੈ। ਰਵਨੀਤ ਸਿੰਘ ਬਿੱਟੂ ਨੇ ਇੱਕ ਸਕੂਲ ਵਿੱਚ 'ਆਪ' ਵੱਲੋਂ ਰੱਖੇ ਗਏ ਨੀਂਹ ਪੱਥਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ 'ਤੇ ਨਿਸ਼ਾਨਾ ਸਾਧਿਆ ਹੈ।

ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X 'ਤੇ ਇੱਕ ਸਕੂਲ ਦੇ ਨੀਂਹ ਪੱਥਰ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ - ਜਿੱਥੇ ਰਾਸ਼ਟਰੀ ਗੀਤ ਮਾਣ ਨਾਲ ਲਿਖਿਆ ਜਾਣਾ ਚਾਹੀਦਾ ਸੀ, ਉੱਥੇ 'ਆਪ' ਨੇ ਬੇਸ਼ਰਮੀ ਨਾਲ ਉਦਘਾਟਨ ਤਖ਼ਤੀ ਲਗਾ ਦਿੱਤੀ। ਇਹ ਸਿਰਫ਼ ਇੱਕ ਅਪਮਾਨ ਨਹੀਂ ਹੈ - ਇਹ ਸਾਡੀ ਰਾਸ਼ਟਰੀ ਪਛਾਣ 'ਤੇ ਇੱਕ ਧੱਬਾ ਹੈ। ਬਿੱਟੂ ਨੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ। ਰਾਸ਼ਟਰ ਪਹਿਲਾਂ ਆਉਂਦਾ ਹੈ।

ਅਕਾਲੀ ਦਲ ਨੇ ਵੀ ਸਾਧਿਆ ਨਿਸ਼ਾਨਾ

ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਲਿਖਿਆ, ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਰਾਸ਼ਟਰੀ ਗੀਤ ਦਾ ਕੀਤਾ ਅਪਮਾਨ। ਸਰਕਾਰੀ ਸਕੂਲ, ਪਿੰਡ ਘੁੱਕੇਵਾਲੀ ( ਹਲਕਾ ਅਜਨਾਲਾ) ਵਿਖੇ ਆਪਣੇ ਨਾਮ ਦਾ ਪੱਥਰ ਰਾਸ਼ਟਰੀ ਗੀਤ ਉੱਪਰ ਲਗਵਾ ਦਿੱਤਾ।  ਇਹ ਅਪਮਾਨ ਲਈ ਕੈਬਨਿਟ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਿੱਖਿਆ ਕ੍ਰਾਂਤੀ ਦੇ ਨਾਮ 'ਤੇ ਕੀਤਾ ਜਾ ਰਿਹਾ ਇਹ ਡਰਾਮਾ ਬੰਦ ਹੋਵੇ ਤੇ ਪੰਜਾਬ ਦੇ ਖਜ਼ਾਨੇ ਦੀ ਬਰਬਾਦੀ ਵੀ ਰੋਕੀ ਜਾਵੇ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਉਸਾਰੀ ਦਾ ਕੰਮ ਕਰਵਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਆਪਣੇ-ਆਪਣੇ ਹਲਕਿਆਂ ਵਿੱਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਹੈ। ਕਈ ਸਕੂਲਾਂ ਵਿੱਚ ਪਖਾਨੇ ਬਣਾਏ ਗਏ ਹਨ, ਜਿਨ੍ਹਾਂ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਵਿਰੋਧੀ ਧਿਰ ਵੱਲੋਂ ਸਰਕਾਰ 'ਤੇ ਹਮਲੇ ਕੀਤੇ ਜਾ ਰਹੇ ਹਨ।