New parliament: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਪਰ ਇਸ ਸਭ ਦੇ ਵਿਚਾਲੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਨਵਾਂ ਦਾਅਵਾ ਕੀਤਾ ਹੈ ਕਿ ਨਵੀਂ ਸੰਸਦ ਗੁਰੂਘਰ ਦੀ ਜ਼ਮੀਨ ਉੱਤੇ ਬਣੀ ਹੈ।


ਸਿਮਰਨਜੀਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਨਵੀਂ ਇਮਾਰਤ ਰਾਏਸੀਨਾ ਦੇ ਭਾਈ ਲੱਖੀ ਸ਼ਾਹ ਬੰਜਾਰਾ ਦੀ ਮਲਕੀਅਤ ਵਾਲੀ ਜ਼ਮੀਨ 'ਤੇ ਖੜ੍ਹੀ ਹੈ, ਅਤੇ ਸਰਦਾਰ ਬਘੇਲ ਸਿੰਘ ਦੁਆਰਾ ਇਹ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਉਸਾਰੀ ਦੇ ਉਦੇਸ਼ਾਂ ਲਈ ਦਿੱਤੀ ਗਈ ਸੀ ਅਤੇ ਸਿੱਖਾਂ ਨੂੰ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਹੈ।






ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪਾਰਲੀਮੈਂਟ ਸਿੱਖਾਂ ਦੀ ਨਸਲਕੁਸ਼ੀ ਲਈ ਇਨਸਾਫ਼ ਤੋਂ ਬਿਨਾਂ ਬੀਤ ਚੁੱਕੇ 40 ਸਾਲਾਂ ਨੂੰ ਮਾਨਤਾ ਦੇਵੇ ਅਤੇ 2024 ਨੂੰ ਸਿੱਖਾਂ ਦੀ ਨਸਲਕੁਸ਼ੀ ਦੇ ਯਾਦਗਾਰੀ ਵਰ੍ਹੇ ਵਜੋਂ ਘੋਸ਼ਿਤ ਕਰੇ।


ਇਸ ਤੋਂ ਇਲਾਵਾ ਸੰਸਦ ਦੇ ਉਦਘਾਟਨ ਦੇ ਬਾਬਤ ਮਾਨ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਨਿਰਦੋਸ਼ ਨਾਗਰਿਕਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਵਿਅਕਤੀ ਨੂੰ ਇਸ ਨਵੀਂ ਸੰਸਦ ਦਾ ਉਦਘਾਟਨ ਨਹੀਂ ਕਰਨਾ ਚਾਹੀਦਾ।


ਜ਼ਿਕਰ ਕਰ ਦਈਏ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਦੂਜੇ ਪੜਾਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਵਿਕਾਸ ਯਾਤਰਾ 'ਚ ਕੁਝ ਪਲ ਅਮਰ ਹੋ ਜਾਂਦੇ ਹਨ। 28 ਮਈ ਅਜਿਹਾ ਹੀ ਇੱਕ ਦਿਨ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਇਮਾਰਤ ਨਹੀਂ ਹੈ, ਸਗੋਂ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਅਤੇ ਸੁਪਨਿਆਂ ਦਾ ਪ੍ਰਤੀਬਿੰਬ ਹੈ।


ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਦੇਸ਼ ਲਈ ਸ਼ੁਭ ਦਿਨ ਹੈ। ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ। ਇਸ ਅੰਮ੍ਰਿਤ ਮਹੋਤਸਵ ਵਿੱਚ ਭਾਰਤ ਦੇ ਲੋਕਾਂ ਨੇ ਸੰਸਦ ਦੀ ਇਹ ਨਵੀਂ ਇਮਾਰਤ ਆਪਣੇ ਲੋਕਤੰਤਰ ਨੂੰ ਤੋਹਫੇ ਵਜੋਂ ਦਿੱਤੀ ਹੈ। ਅੱਜ ਸਵੇਰੇ ਸੰਸਦ ਭਵਨ ਕੰਪਲੈਕਸ ਵਿੱਚ ਸਰਬ-ਧਰਮੀ ਪ੍ਰਾਰਥਨਾ ਕੀਤੀ ਗਈ, ਮੈਂ ਸਾਰੇ ਦੇਸ਼ ਵਾਸੀਆਂ ਨੂੰ ਭਾਰਤੀ ਲੋਕਤੰਤਰ ਦੇ ਇਸ ਸੁਨਹਿਰੀ ਪਲ ਲਈ ਵਧਾਈ ਦਿੰਦਾ ਹਾਂ।