ਮੋਗਾ: ਪੰਜਾਬ ਦੇ ਨੌਜਵਾਨ ਵਿਆਹ ਉੱਪਰ ਫਜ਼ੂਲ ਖਰਚੀ ਤੋਂ ਮੂੰਹ ਮੋੜਨ ਲੱਗੇ ਹਨ। ਇਸ ਲਈ ਕਈ ਮਿਸਾਲਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਅਜਿਹੀ ਹੀ ਇੱਕ ਨਵੀਂ ਰੀਤ ਸਾਹਿਤਕ ਵਿਆਹ ਦੀ ਤੁਰੀ ਹੈ। ਅਜਿਹੇ ਵਿਆਹਾਂ ਵਿੱਚ ਕਿਤਾਬਾਂ ਦੇ ਸਟਾਲ ਲੱਗਦੇ ਹਨ ਤੇ ਵਿਆਹੁਤਾ ਜੋੜੀ ਨੂੰ ਕਿਤਾਬਾਂ ਦੇ ਤੋਹਫੇ ਦਿੱਤੇ ਜਾਂਦੇ ਹਨ।


ਅਜਿਹਾ ਹੀ ਵਿਆਹ ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਆਉਂਦੇ ਪਿੰਡ ਭਲੂਰ ਵਿੱਚ ਹੋਇਆ। ਇੱਥੇ ਮੁਟਿਆਰ ਨੇ ਆਪਣੇ ਵਿਆਹ ਵਿੱਚ ਪੁਸਤਕਾਂ ਦਾ ਸਟਾਲ ਲਾ ਕੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਪੜ੍ਹਨ ਤੇ ਵਿਆਹ ਨੂੰ ਸਾਹਿਤਕ ਰੰਗਤ ਦਿੰਦਿਆਂ ਨਿਵੇਕਲੀ ਪਹਿਲਕਦਮੀ ਕੀਤੀ। ਇਸ ਵਿਆਹ ਵਿੱਚ ਕਿਤਾਬਾਂ ਦੀ ਭਰਮਾਰ ਰਹੀ ਤੇ ਨਵੀਂ ਵਿਆਹੀ ਜੋੜੀ ਨੇ ਆਪਣੇ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਇੱਕ-ਦੂਜੇ ਲਈ ਕਿਤਾਬਾਂ ਖ਼ਰੀਦ ਕੇ ਕੀਤੀ।

ਸਾਬਕਾ ਫ਼ੌਜੀ ਪਰਸ਼ਨ ਸਿੰਘ ਪਿੰਡ ਭਲੂਰ ਦੀ ਧੀ ਅਮਨਪ੍ਰੀਤ ਕੌਰ ਦਾ ਵਿਆਹ ਗੁਰਲਾਲ ਸਿੰਘ ਪਿੰਡ ਵਿਛੋਆ ਜ਼ਿਲ੍ਹਾ ਅਮ੍ਰਿੰਤਸਰ ਨਾਲ ਹੋਇਆ। ਇਸ ਨਵੀਂ ਵਿਆਹੀ ਜੋੜੀ ਨੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੇ ਸਾਦੇ ਵਿਆਹ ਕਰਾਉਣ ਦਾ ਸੱਦਾ ਦਿੱਤਾ। ਵਿਆਹ ਵਿੱਚ ਜਿੱਥੇ ਸਾਦਾ ਖਾਣਾ ਪਰੋਸਿਆ ਗਿਆ, ਉੱਥੇ ਹੀ ਦਾਰੂ ਦਾ ਦੌਰ ਵੀ ਨਹੀਂ ਚੱਲਿਆ।

ਇਸ ਮੌਕੇ ਔਟਮ ਆਰਟ, ਪਟਿਆਲਾ ਦੇ ਸ਼ਾਹ ਮੁਹੰਮਦ ਦੀ ਲਾਈ ਗਈ ਸਟਾਲ ਤੋਂ ਨਵੀਂ-ਵਿਆਹੀ ਜੋੜੀ ਨੇ ਆਨੰਦ ਕਾਰਜ ਮਗਰੋਂ ਇਕ ਦੂਜੇ ਲਈ ਕਿਤਾਬਾਂ ਖ਼ਰੀਦੀਆਂ। ਬਰਾਤੀਆਂ ਤੇ ਲੜਕੀ ਦੇ ਰਿਸ਼ਤੇਦਾਰਾਂ ਨੇ ਕਿਤਾਬਾਂ ਖ਼ਰੀਦ ਕੇ ਇਸ ਵਿਆਹ ’ਤੇ ਮੋਹਰ ਲਾਈ। ਸ਼ਾਹ ਮੁਹੰਮਦ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਲੰਮੇ ਅਰਸੇ ਤੋਂ ਉਨ੍ਹਾਂ ਤੋਂ ਕਿਤਾਬਾਂ ਖਰੀਦਦੀ ਆ ਰਹੀ ਹੈ।