Punjab News: ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਦਾ ਰਹਿਣ ਵਾਲਾ ਗਵਰਧਨ ਦਾਸ ਅਜਿਹੀ ਬਿਮਾਰੀ ਤੋਂ ਪੀੜਤ ਜੋ ਲੱਖਾਂ ਲੋਕਾਂ ਵਿੱਚੋਂ ਇੱਕ ਜਾਂ ਦੋ ਨੂੰ ਹੁੰਦੀ ਹੈ। ਗਵਰਧਨ ਦਾਸ ਦੇ ਚਿਹਰੇ ਦਾ ਇੱਕ ਪਾਸੇ ਦਾ ਮਾਸ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਵੱਧ ਰਿਹਾ ਹੈ ਜਿਸ ਕਾਰਨ ਗਵਰਧਨ ਦਾਸ ਨੂੰ ਇੱਕ ਅੱਖ ਅਤੇ ਕੰਨ ਤੋਂ ਨਾ ਹੀ ਸੁਣਾਈ ਦਿੰਦਾ ਹੈ ਅਤੇ ਨਾ ਹੀ ਦਿਖਾਈ ਦਿੰਦਾ ਹੈ।
ਗਵਰਧਨ ਦਾਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਛੋਟੇ ਹੁੰਦਿਆਂ ਸਿਰ ਦੇ ਇੱਕ ਪਾਸੇ ਗੰਢ ਜਿਹੀ ਬਣੀ ਸ਼ੁਰੂ ਹੋਈ ਸੀ ਅਤੇ ਹੌਲੀ-ਹੌਲੀ ਇਹ ਇੱਕ ਖ਼ਤਰਨਾਕ ਰੂਪ ਧਾਰਨ ਕਰ ਗਈ ਅਤੇ ਇੱਕ ਪਾਸੇ ਨੂੰ ਮਾਸ ਵਧਦਾ ਗਿਆ ਅਤੇ ਇੱਕ ਅੱਖਾਂ ਤੇ ਕੰਨ ਨੂੰ ਇਸ ਵਾਸਤੇ ਪੂਰੀ ਤਰ੍ਹਾਂ ਢੱਕ ਲਿਆ।
ਉਸ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਉਸਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿੱਥੇ ਇਲਾਜ਼ ਲਈ ਲੁਧਿਆਣਾ ਚੰਡੀਗੜ੍ਹ ਅਤੇ ਫਰੀਦਕੋਟ ਜਾਣਾ ਪਿਆ ਉੱਥੇ ਹੀ ਇਸ ਬਿਮਾਰੀ ਨੂੰ ਵੇਖਦੇ ਹੋਏ ਡਾਕਟਰਾਂ ਨੇ ਇਹ ਕਹਿ ਕੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜੇ ਕਿਸੇ ਤਰਾਂ ਦੇ ਇਸ ਮਾਸ ਨਾਲ ਛੇੜਛਾੜ ਕੀਤੀ ਗਈ ਤਾਂ ਗਵਰਧਨ ਦਾਸ ਦੀ ਮੌਤ ਜਾਂ ਉਸਦੇ ਦਿਮਾਗੀ ਤੋਰ ਤੇ ਪਾਗਲ ਹੋਣ ਦੇ ਆਸਾਰ ਪੈਦਾ ਹੋ ਜਾਣਗੇ।
ਗਵਰਧਨ ਦਾਸ ਨੇ ਦੱਸਿਆ ਕਿ ਉਸ ਨੂੰ ਸਮਾਜ ਵਿੱਚ ਵਿਚਰਦੇ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪਿੰਡ ਵਿੱਚ ਉਸ ਨੂੰ ਪੂਰਾ ਮਾਣ ਸਤਿਕਾਰ ਮਿਲਦਾ ਹੈ ਅਤੇ ਪਿੰਡ ਵਾਸੀਆਂ ਵੱਲੋਂ ਉਸ ਦਾ ਹਰ ਸੰਭਵ ਸਹਿਯੋਗ ਕੀਤਾ ਜਾ ਰਿਹਾ ਹੈ।
ਗਵਰਧਨ ਵੱਲੋਂ ਪਿੰਡ ਵਿੱਚ ਹੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਈ ਜਾ ਰਹੀ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਸਕੇ ਗਵਰਧਨ ਦਾਸ ਨੇ ਸਰਕਾਰਾਂ 'ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਗੰਭੀਰ ਬੀਮਾਰੀ ਦੇ ਹੋਣ ਦੇ ਬਾਵਜੂਦ ਉਨ੍ਹਾਂ ਦੀ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ ਹੋਈ। ਹਜ਼ਾਰਾਂ ਰੁਪਏ ਖਰਚ ਕਰਨ ਦੇ ਬਾਵਜੂਦ ਬੀਤੇ ਦਿਨ ਹੀ ਉਸ ਦੀ ਪੈਨਸ਼ਨ ਸਬੰਧੀ ਸਰਟੀਫਿਕੇਟ ਬਣਾਇਆ ਗਿਆ ਹੈ।
ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਕਿਸੇ ਤਰ੍ਹਾਂ ਦਾ ਗ਼ੈਰ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਬੇਟੀ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਜਿਸ ਕਾਰਨ ਉਸ ਨੂੰ ਮਾਨਸਿਕ ਤੌਰ ਤੇ ਵੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ਅਤੇ 53 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਹ ਕਿਸੇ ਵੀ ਰਿਸ਼ਤੇਦਾਰ ਕੋਲ ਇਸ ਬਮਾਰੀ ਕਰਕੇ ਨਹੀਂ ਜਾ ਸਕਿਆ