Crime News in Machiwara Sahib : ਮਾਛੀਵਾੜਾ ਸਾਹਿਬ 'ਚ ਗਣਪਤੀ ਸ਼ੋਭਾ ਯਾਤਰਾ ਦੌਰਾਨ ਖੂਨੀ ਖੇਡ ਹੋਈ। ਜਿਸ ਵਿੱਚ ਇੱਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਰਾਮ ਸਾਹਨੀ (31) ਵਾਸੀ ਗੜ੍ਹੀ ਤਰਖਾਣਾ ਵਜੋਂ ਹੋਈ। ਜਾਣਕਾਰੀ ਅਨੁਸਾਰ ਗਣਪਤੀ ਪੂਜਾ ਦੀ ਸਮਾਪਤੀ ਮੌਕੇ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਲਈ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਇਹ ਸ਼ੋਭਾ ਯਾਤਰਾ ਬਸਤੀ ਬਲੀਬੇਗ ਤੋਂ ਸ਼ੁਰੂ ਹੋ ਕੇ ਰੱਤੀਪੁਰ ਰੋਡ ਤੋਂ ਲੰਘ ਰਹੀ ਸੀ ਤਾਂ ਸ਼ਾਂਤੀ ਨਗਰ ਦੇ ਕੁਝ ਨੌਜਵਾਨ ਸ਼ੋਭਾ ਯਾਤਰਾ 'ਚ ਸ਼ਾਮਲ ਹੋਏ। ਇਨ੍ਹਾਂ ਨੌਜਵਾਨਾਂ ਨੇ ਡੀਜੇ 'ਤੇ ਚੱਲ ਰਹੇ ਭਜਨਾਂ 'ਤੇ ਨੱਚ ਰਹੀਆਂ ਔਰਤਾਂ 'ਚ ਜਾ ਕੇ ਹੁੱਲੜਬਾਜੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਲਰਾਮ ਸਾਹਨੀ ਨੇ ਉਨ੍ਹਾਂ ਨੂੰ ਰੋਕਿਆ। 


ਇਸੇ ਦੌਰਾਨ ਗੁੱਸੇ 'ਚ ਆਏ ਨੌਜਵਾਨਾਂ ਨੇ ਬਲਰਾਮ ਸਾਹਨੀ 'ਤੇ ਚਾਕੂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਲਰਾਮ ਸਾਹਨੀ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਜਿਸ ਨਾਲ ਬਲਰਾਮ ਸਾਹਨੀ ਖੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਕੋਲ ਖੜ੍ਹੇ ਕੁੰਦਨ ਨਾਮ ਦੇ ਵਿਅਕਤੀ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਰੌਲਾ ਪੈਣ 'ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਬਲਰਾਮ ਸਾਹਨੀ ਨੂੰ ਜਦੋਂ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਹੁੱਲੜਬਾਜ਼ੀ ਕਰ ਰਹੇ ਸੀ ਨੌਜਵਾਨ 


 ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਨਸ਼ੇ 'ਚ ਸਨ। ਉਹ ਨਸ਼ੇ ਦੀ ਹਾਲਤ ਵਿੱਚ ਹੁੱਲੜਬਾਜ਼ੀ ਕਰ ਰਹੇ ਸਨ। ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਸੀ। ਦੂਜੇ ਪਾਸੇ ਬਲਰਾਮ ਸਾਹਨੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਜ਼ਖ਼ਮੀ ਕੁੰਦਨ ਨੇ ਦੱਸਿਆ ਕਿ ਬਲਰਾਮ ਸਾਹਨੀ ਨੇ ਸਿਰਫ਼ ਹਮਲਾਵਰਾਂ ਨੂੰ ਇਸ ਗੱਲ ਤੋਂ ਰੋਕਿਆ ਸੀ ਕਿ ਉਹ ਔਰਤਾਂ ਵਿੱਚ ਜਾ ਕੇ ਨਾ ਨੱਚਣ ਅਤੇ ਆਪਣਾ ਵੱਖ ਹੋ ਕੇ ਨੱਚਣ। ਇੰਨੀ ਗੱਲ ਨੂੰ ਲੈ ਕੇ ਹਮਲਾ ਕਰ ਦਿੱਤਾ ਗਿਆ। 


ਸਰਕਾਰੀ ਹਸਪਤਾਲ ਸਮਰਾਲਾ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਜਦੋਂ ਬਲਰਾਮ ਸਾਹਨੀ ਨੂੰ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸਰੀਰ ਉਪਰ ਕਾਫੀ ਸੱਟਾਂ ਹਨ। ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਆਪਣੀ ਬਣਦੀ ਕਾਰਵਾਈ ਕਰੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।