ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਬੀਐਸਐਫ ਨੇ ਪੰਜਾਬ 'ਚ ਭਾਰਤ-ਪਾਕਿ ਸਰਹੱਦ 'ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਇਹ ਹਥਿਆਰ ਰਾਜਾ ਮੋਤਮ ਤੇ ਬੀਓਪੀ ਜੋਗਿੰਦਰ ਪੋਸਟ ਵਿਚਕਾਰ ਮਿਲੇ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪੰਜਾਬ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਗਸ਼ਤ ਦੌਰਾਨ ਸਰਹੱਦ ਪਾਰ ਤੋਂ ਤਸਕਰੀ ਕੀਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ।


ਸੀਮਾ ਬਲ ਦੇ ਜਵਾਨਾਂ ਨੇ ਤੜਕੇ ਫਿਰੋਜ਼ਪੁਰ ਸੈਕਟਰ ਤੋਂ ਛੇ ਮੈਗਜ਼ੀਨਾਂ ਦੇ ਨਾਲ ਤਿੰਨ ਏਕੇ ਸੀਰੀਜ਼ ਦੀਆਂ ਰਾਈਫਲਾਂ, ਚਾਰ ਮੈਗਜ਼ੀਨਾਂ ਵਾਲੀਆਂ ਦੋ ਐਮ3 ਸਬ-ਮਸ਼ੀਨ ਗਨ ਤੇ ਦੋ ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਪਾਕਿਸਤਾਨ ਤੋਂ ਤਸਕਰੀ ਕੀਤੀ ਗਈ ਸੀ।


ਅਧਿਕਾਰੀਆਂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਤੜਕੇ ਫ਼ਿਰੋਜ਼ਪੁਰ ਸੈਕਟਰ ਵਿੱਚ ਛੇ ਮੈਗਜ਼ੀਨਾਂ ਨਾਲ ਤਿੰਨ ਏਕੇ ਰਾਈਫ਼ਲਾਂ, ਚਾਰ ਮੈਗਜ਼ੀਨਾਂ ਨਾਲ ਦੋ ਐੱਮ3 ਸਬ-ਮਸ਼ੀਨ ਗੰਨ ਤੇ ਦੋ ਮੈਗਜ਼ੀਨਾਂ ਨਾਲ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਹਥਿਆਰ ਪਾਕਿਸਤਾਨ ਤੋਂ ਇਥੇ ਸਮੱਗਲ ਕੀਤੇ ਜਾਣ ਦਾ ਸ਼ੱਕ ਹੈ।


ਪੀਐਮ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਅਲਰਟ


ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Punjab )  ਦੀ ਪੰਜਾਬ ਫੇਰੀ ਤੋਂ ਪਹਿਲਾਂ ਅਲਰਟ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ 24 ਅਗਸਤ ਨੂੰ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਲਈ ਆ ਰਹੇ ਹਨ। ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਚੌਕਸ ਕਰਦੇ ਹੋਏ ਸੂਬੇ ਵਿੱਚ ਅਤਿਵਾਦੀ ਹਮਲੇ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ।


ਕੌਮੀ ਜਾਂਚ ਏਜੰਸੀ ਨੇ ਵੀ ਗੈਂਗਸਟਰ ਤੇ ਅਤਿਵਾਦੀਆਂ ਦਰਮਿਆਨ ਬਣੇ ਤਾਲਮੇਲ ’ਤੇ ਨਿਗ੍ਹਾ ਰੱਖੀ ਹੋਈ ਹੈ। ਸੁਰੱਖਿਆ ਟੀਮਾਂ ਨੇ ਬੱਸ ਅੱਡਿਆਂ ਤੇ ਹੋਰ ਸੰਵੇਦਨਸ਼ੀਲ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਵੀ ਚਲਾਈ ਹੋਈ ਹੈ। ਰੇਲਵੇ ਸਟੇਸ਼ਨ ’ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਨਜ਼ਰਸਾਨੀ ਵਧਾ ਦਿੱਤੀ ਹੈ ਤੇ ਨਾਕੇ ਵੀ ਵਧਾ ਦਿੱਤੇ ਗਏ ਹਨ।


ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚੋਣਾਂ ਤੋਂ ਪਹਿਲਾਂ ਆਖ਼ਰੀ ਦਫ਼ਾ 14 ਫਰਵਰੀ ਨੂੰ ਜਲੰਧਰ ਆਏ ਸਨ। ਉਸ ਤੋਂ ਪਹਿਲਾਂ 5 ਜਨਵਰੀ 2022 ਨੂੰ ਫ਼ਿਰੋਜ਼ਪੁਰ ਦੌਰੇ ’ਤੇ ਆਏ ਸਨ ਪਰ ਸੜਕੀ ਜਾਮ ਕਰਕੇ ਰਸਤੇ ’ਚੋਂ ਹੀ ਵਾਪਸ ਹੋ ਗਏ ਸਨ।