Punjab News: ਦਿੱਲੀ ਵਾਂਗ ਪੰਜਾਬ ਵਿੱਚ ਵੀ ਰਾਜਪਾਲ ਬਨਾਮ ਮੁੱਖ ਮੰਤਰੀ ਝਗੜਾ ਵਧ ਸਕਦਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਾਫੀ ਐਕਟਿਵ ਹਨ। ਉਨ੍ਹਾਂ ਵੱਲੋਂ ਸਰਹੱਦੀ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਹਨ ਜਿਸ ਕਰਕੇ ਤਣਾਅ ਦਾ ਮੁੱਢ ਬੱਝਣਾ ਸ਼ੁਰੂ ਹੋਇਆ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਨਾ ਦੇਣ ਮਗਰੋਂ ਭਗਵੰਤ ਮਾਨ ਸਰਕਾਰ ਤੇ ਰਾਜਪਾਲ ਵਿਚਾਲੇ ਤਣਾਅ ਕਾਫੀ ਵਧ ਗਿਆ।
ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਚੰਡੀਗੜ੍ਹ ਦੌਰੇ ਦੌਰਾਨ ਸਮਾਗਮ ਵਿੱਚ ਸ਼ਮੂਲੀਅਤ ਨਾ ਕਰਨ ਮਗਰੋਂ ਮਾਮਲਾ ਹੋਰ ਗਰਮਾ ਗਿਆ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਚੰਡੀਗੜ੍ਹ ਦੌਰੇ ਦੌਰਾਨ ਉਨ੍ਹਾਂ ਦੇ ਸਵਾਗਤ ’ਚ ਰੱਖੇ ਸਮਾਰੋਹ ’ਚੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਗੈਰ-ਹਾਜ਼ਰ ਰਹਿਣ ’ਤੇ ਇਤਰਾਜ਼ ਦਾਇਰ ਕੀਤਾ ਹੈ।
ਪੰਜਾਬ ਰਾਜ ਭਵਨ ਵਿੱਚ ਮੁਰਮੂ ਦੇ ਸਵਾਗਤ ਲਈ ਰੱਖੇ ਇਸ ਸਮਾਰੋਹ ’ਚੋਂ ਮਾਨ ਦੀ ਗੈਰ-ਹਾਜ਼ਰੀ ’ਤੇ ਇਤਰਾਜ਼ ਦਾਇਰ ਕਰਦਿਆਂ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਵਾਗਤੀ ਸਮਾਰੋਹ ’ਚ ਸ਼ਾਮਲ ਹੋਣ ਲਈ ਮਾਨ ਨੂੰ ਸੱਦਾ ਦਿੱਤਾ ਸੀ। ਮਾਨ ਨੇ ਸੱਦਾ ਮਨਜ਼ੂਰ ਵੀ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਮਾਨ ਨੇ ਆਪਣੀ ਥਾਂ ਆਪਣਾ ਨੁਮਾਇੰਦਾ ਭੇਜ ਦਿੱਤਾ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਰੇਕ ਨੂੰ ਆਪਣਾ ਸੰਵਿਧਾਨਕ ਫ਼ਰਜ਼ ਨਿਭਾਉਣਾ ਚਾਹੀਦਾ ਹੈ।
ਉੱਧਰ, ਪ੍ਰੋਗਰਾਮ ’ਚ ਸ਼ਾਮਲ ਹੋਣ ਵਾਲੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੁਰੋਹਿਤ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਰਾਜਪਾਲ, ਰਾਜ ਭਵਨ ਦੇ ਸਟੇਜ ਤੋਂ ਇਕ ਸਿਆਸੀ ਮੁੱਦਾ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਦਾ ਪਹਿਲਾਂ ਤੋਂ ਕੋਈ ਪ੍ਰੋਗਰਾਮ ਤੈਅ ਸੀ, ਇਸ ਵਾਸਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪੰਜ ਹੋਰ ਕੈਬਨਿਟ ਮੰਤਰੀ ਤੇ ਸਾਰੇ ਸੀਨੀਅਰ ਅਧਿਕਾਰੀ ਇਸ ਪ੍ਰੋਗਰਾਮ ’ਚ ਸ਼ਾਮਲ ਹੋਏ ਹਨ।