Bhatinda News : ਬਠਿੰਡਾ ਤੋਂ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹੁਤਾ ਔਰਤ ਵੱਲੋਂ ਪ੍ਰੇਮੀ ਨਾਲ ਮਿਲ ਕੇ ਆਪਣਾ ਡੇਢ ਸਾਲ ਦਾ ਬੱਚਾ ਹਰਿਆਣੇ ਦੇ ਰਹਿਣ ਵਾਲੇ ਇੱਕ ਬੇਔਲਾਦ ਜੋੜੇ ਨੂੰ ਵੇਚ ਦਿੱਤਾ। ਕਥਿਤ ਦੋਸ਼ੀਆਂ ਨੇ ਆਪਣੇ ਸਾਥੀਆਂ ਨਾਲ ਹਰਿਆਣੇ ਦੇ ਰਹਿਣ ਵਾਲੇ ਪਤੀ-ਪਤਨੀ ਨੂੰ ਗੁੰਮਰਾਹ ਕਰਕੇ ਇੱਕ ਲੱਖ 35 ਹਜਾਰ ਰੁਪਏ ਵਿੱਚ ਇਹ ਸੌਦਾ ਕੀਤਾ ਸੀ। ਪੁਲਿਸ ਨੇ ਮੁਲਜਮ ਔਰਤ ਦੇ ਪਤੀ ਦੀ ਸ਼ਿਕਾਇਤ ’ਤੇ ਚਾਰ ਔਰਤਾਂ ਸਣੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਥਿਤ ਦੋਸ਼ੀਆਂ ਵਿਚ ਬਠਿੰਡਾ ਤੋਂ ਇਲਾਵਾ ਅੰਬਾਲਾ, ਪਟਿਆਲਾ ਤੇ ਤਪਾ ਮੰਡੀ ਦੇ ਰਹਿਣ ਵਾਲੇ ਹਨ। ਜਾਣਕਾਰੀ ਅਨੁਸਾਰ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਭਾਰਤ ਭੂਸ਼ਨ ਨੇ ਜ਼ਿਲ੍ਹਾ ਪੁਲਿਸ ਕਪਤਾਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ ਸਾਲ 2018 ਵਿੱਚ ਸੁਖਵਿੰਦਰ ਕੌਰ ਵਾਸੀ ਪਿੰਡ ਤਾਜੋਕੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨਾਲ ਹੋਇਆ ਸੀ। ਉਸਦੇ ਘਰ ਦੋ ਲੜਕਿਆਂ ਨੇ ਜਨਮ ਲਿਆ ਸੀ।
ਪੀੜਤ ਨੇ ਦੱਸਿਆ ਹੈ ਕਿ ਇਸ ਦੌਰਾਨ ਉਸ ਦੀ ਪਤਨੀ ਨੇ ਸੁਮਨਦੀਪ ਸਿੰਘ ਵਾਸੀ ਪਿੰਡ ਬੀਬੀਵਾਲਾ ਨਾਲ ਸਬੰਧ ਬਣਾ ਲਏ, ਜਿਸ ਕਾਰਨ ਉਸ ਦੇ ਘਰ ਵਿਚ ਲੜਾਈ ਝਗੜਾ ਰਹਿਣ ਲੱਗ ਪਿਆ। ਇਸ ਦੇ ਚਲਦਿਆਂ ਸਾਲ 2022 ਵਿਚ ਉਸਨੇ ਆਪਣੀ ਪਤਨੀ ਦੀ ਸਹਿਮਤੀ ਨਾਲ ਅਦਾਲਤ ਵਿਚ ਤਲਾਕ ਲਈ ਅਰਜੀ ਦਾਇਰ ਕਰ ਦਿੱਤੀ, ਜਿਸ ਕਾਰਣ ਵੱਡਾ ਲੜਕਾ ਉਸ ਕੋਲ ਰਹਿ ਗਿਆ ਅਤੇ ਛੋਟੇ ਲੜਕੇ ਨੂੰ ਉਸ ਦੀ ਪਤਨੀ ਆਪਣੇ ਨਾਲ ਲੈ ਗਈ। ਪੀੜਤ ਨੇ ਦੱਸਿਆ ਹੈ ਕਿ ਇਸ ਦੌਰਾਨ ਪਤਾ ਲੱਗ ਲੱਗਿਆ ਕਿ ਉਸ ਦੀ ਪਤਨੀ ਨੇ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਡੇਢ ਸਾਲ ਦੇ ਛੋਟੇ ਬੱਚੇ ਨੂੰ ਹਰਿਆਣਾ ਦੇ ਸਹਾਰਨਪੁਰ ਦੇ ਵਸਨੀਕ ਇੱਕ ਬੇਔਲਾਦ ਜੋੜੇ ਨੂੰ ਵੇਚ ਦਿੱਤਾ ਹੈ। ਪੀੜਤ ਅਨੁਸਾਰ ਜਦ ਉਸ ਨੇ ਆਪਣੀ ਪਤਨੀ ਕੋਲੋਂ ਬੱਚੇ ਦੇ ਸਬੰਧ ਵਿੱਚ ਪੁੱਛਿਆ ਤਾਂ ਉਸ ਨੂੰ ਜਾਨੋ-ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਛੇ ਖ਼ਿਲਾਫ਼ ਮਾਮਲਾ ਦਰਜ
ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਕਪਤਾਨ ਵੱਲੋਂ ਇਹ ਕੇਸ ਮਹਿਲਾ ਥਾਣਾ ਨੂੰ ਜਾਂਚ ਲਈ ਭੇਜਿਆ ਗਿਆ ਸੀ। ਉਕਤ ਮਾਮਲੇ ਦੀ ਪੜਤਾਲ ਕਰਨ ’ਤੇ ਪਤਾ ਲੱਗਿਆ ਸੁਖਵਿੰਦਰ ਕੌਰ ਅਤੇ ਸੁਮਨਦੀਪ ਸਿੰਘ, ਦਲਜੀਤ ਕੌਰ ਉਸਦੇ ਪਤੀ ਅਮਰਜੀਤ ਸਿੰਘ ਵਾਸੀ ਤਪਾ ਮੰਡੀ, ਮਨਪ੍ਰੀਤ ਕੌਰ ਵਾਸੀ ਰਾਮਪੁਰ ਚਮਾਰੂ ਜ਼ਿਲ੍ਹਾ ਪਟਿਆਲਾ, ਲਕਸ਼ਮੀ ਵਾਸੀ ਅੰਬਾਲਾ ਨਾਲ ਮਿਲ ਕੇ ਬੱਚੇ ਨੂੰ ਇਕ ਲੱਖ 35 ਹਜ਼ਾਰ ਰੁਪਏ ਵਿਚ ਸਹਾਰਨਪੁਰ ਦੇ ਪਤੀ, ਪਤਨੀ ਨੂੰ ਵੇਚ ਦਿੱਤਾ ਹੈ। ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਬੱਚੇ ਦੇ ਸੌਦੇ ਦੌਰਾਨ ਸੁਮਨਦੀਪ ਸਿੰਘ, ਸੁਖਵਿੰਦਰ ਕੌਰ ਦੇ ਪਤੀ ਵਜੋਂ ਪੇਸ਼ ਹੋਇਆ ਸੀ। ਉਸ ਨੇ ਇਕਰਾਰਨਾਮੇ ’ਤੇ ਭਾਰਤ ਭੂਸ਼ਣ ਦੇ ਜਾਅਲੀ ਦਸਤਖ਼ਤ ਕੀਤੇ ਸਨ। ਪੁਲਿਸ ਅਧਿਕਾਰੀਆਂ ਅਨੁਸਾਰ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ। ਸ਼ਿਕਾਇਤ ਦੇ ਅਧਾਰ ’ਤੇ ਕਥਿਤ ਦੋਸ਼ੀ ਸੁਖਵਿੰਦਰ ਕੌਰ, ਸੁਮਨਦੀਪ ਸਿੰਘ, ਦਲਜੀਤ ਕੌਰ, ਅਮਰਜੀਤ ਸਿੰਘ, ਮਨਪ੍ਰੀਤ ਕੌਰ, ਲਕਸ਼ਮੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।