ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ: ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਸਮੇਂ ਲੋਕਾਂ ਨਾਲ ਸਿਹਤ ਨੂੰ ਲੈ ਕੇ ਕੀਤਾ ਪਹਿਲਾ ਵਾਅਦਾ ਪੂਰਾ ਕਰਕੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਆਮ ਆਦਮੀ ਮਹੱਲਾ ਕਲੀਨਿਕ 'ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਕਲੀਨਿਕ ਸਕੀਮ ਪਹਿਲੇ ਦਿਨ ਤੋਂ ਹੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ।

ਪੰਜਾਬ ਕਾਂਗਰਸ ਨੇ ਟਵੀਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਮੁਹੱਲਾ ਕਲੀਨਿਕਾਂ ਦੇ ਇਸ਼ਤਿਹਾਰ ਤਾਂ ਬਹੁਤ ਦਿੱਤੇ। ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਪੈਸਿਆਂ ਨਾਲ ਪੂਰੇ ਪੰਜਾਬ ਵਿੱਚ ਵੱਡੇ ਵੱਡੇ ਬੋਰਡ ਵੀ ਲਗਵਾਏ ਪਰ ਉਨ੍ਹਾਂ ‘ਚ ਮੁੱਢਲੇ ਟੈਸਟ ਕਰਵਾਉਣ ਦੀਆਂ ਸੁਵਿਧਾਵਾਂ ਵੀ ਨਹੀਂ। ਭਗਵੰਤ ਮਾਨ ਜੀ ਕੀ ਇਹ ਤੁਹਾਡੀ ਪਾਰਟੀ ਦੇ ਪ੍ਰਚਾਰ ਲਈ ਬਣਾਏ ਗਏ ਸਨ?



ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਟਵੀਟ ਕਰਕੇ ਲਿਖਿਆ ਸੀ ਕਿ -ਪੰਜਾਬ ਦੇ ਮੁਹੱਲਾ ਕਲੀਨਿਕ ਦੇ ਢੋਂਗ ਤੋਂ ਅਗਲੇ ਦਿਨ ਹੀ ਪਰਦਾ ਉਠ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ 100 ਟੈਸਟਾਂ ਦੀ ਗੱਲ ਕਰ ਰਹੇ ਸਨ ਪਰ ਇਹ ਝੂਠ ਨਿਕਲਿਆ, ਸਿਰਫ 41 ਟੈਸਟਾਂ ਦੀ ਸੂਚੀ ਹੈ ,ਜਿਨ੍ਹਾਂ ਵਿੱਚੋਂ ਇੱਕ ਵੀ ਨਹੀਂ ਹੋ ਰਿਹਾ।

ਇੱਕ ਅਖਬਾਰ ਦੀ ਖਬਰ ਦਾ ਹਵਾਲਾ ਦਿੰਦੇ ਹੋਏ ਪਰਗਟ ਸਿੰਘ ਨੇ ਪੰਜਾਬ ਸਰਕਾਰ  'ਤੇ ਹਮਲਾ ਬੋਲਿਆ ਹੈ, ਜਿਸ 'ਚ ਇਹ ਵੀ ਲਿਖਿਆ ਗਿਆ ਹੈ ਕਿ ਸੰਗਰੂਰ 'ਚ ਖੋਲ੍ਹੇ ਗਏ ਇਹਨਾਂ ਮੁਹੱਲਾ ਕਲੀਨਿਕਾਂ 'ਚੋਂ ਕਈਆਂ 'ਚ ਮਰੀਜ਼ਾਂ ਦਾ ਬੁਖਾਰ ਚੈੱਕ ਕਰਨ ਲਈ ਥਰਮਾਮੀਟਰ ਤੱਕ ਨਹੀਂ। ਮਰੀਜ਼ਾਂ ਦੇ ਬੁਖਾਰ ਦੀ ਜਾਂਚ ਤੇ ਲੈਬ ਟੈਸਟ ਪ੍ਰਾਈਵੇਟ ਲੈਬਾਂ ਤੋਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ।

ਦੱਸ ਦਈਏ ਕਿ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਦੇ ਅੰਦਰ ਮੁੱਢਲੀਆਂ ਬਿਮਾਰੀਆਂ ਦੇ ਇਲਾਜ ਕੀਤੇ ਜਾਣਗੇ। ਇਸ ਤੋਂ ਇਲਾਵਾ ਮੁਹੱਲਾ ਕਲੀਨਿਕ (Mohalla clinics) ਦੇ ਵਿੱਚ ਟੈਸਟ ਕਰਵਾਉਣ ਦੀ ਵੀ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੇ ਲਈ ਬਕਾਇਦਾ ਇੱਕ ਲੈਬ ਬਣਾਈ ਗਈ ਹੈ।  ਲੈਬ ਦੇ ਵਿੱਚ ਬਲੱਡ ਟੈਸਟ ਦੇ ਨਾਲ ਸ਼ੂਗਰ ਅਤੇ ਹੋਰ ਮੁੱਢਲੇ ਟੈਸਟ ਬਿਲਕੁਲ ਮੁਫ਼ਤ ਵਿਚ ਕੀਤੇ ਜਾਣਗੇ।