ਤਰਨ ਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਾਜ ਵਿਚ ’ਆਮ ਆਦਮੀ’ ਸਭ ਤੋਂ ਵੱਧ ਦੁਖੀ ਹਨ ਤੇ ਆਮ ਲੋਕਾਂ ਨੂੰ ਸੜਕਾਂ, ਸਟ੍ਰੀਟ ਲਾਈਟਾਂ ਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਤੇ ਗਰੀਬਾਂ ਨੂੰ ਸਮਾਜ ਭਲਾਈਸਕੀਮਾਂ  ਦੇ ਲਾਭ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ।


ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਬਚਾਓ ਯਾਤਰਾ ਤਹਿਤ ਅੱਜ ਤਰਨ ਤਾਰਨ ਤੇ ਖਡੂਰ ਸਾਹਿਬ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ, ਜਿਸ ਦੌਰਾਨ ਉਹਨਾਂ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਤੇ ਹਜ਼ਾਰਾਂ ਮੋਟਰ ਸਾਈਕਲਾਂ, ਜੀਪਾਂ, ਕਾਰਾਂ ਤੇ ਟਰੈਕਟਰਾਂ ਨੇ ਯਾਤਰਾ ਵਿਚ ਸ਼ਮੂਲੀਅਤ ਕੀਤੀ।


ਬਾਦਲ ਨੇ ਕਿਹਾ ਕਿ ਇਹ ਸਰਕਾਰ ਆਮ ਆਦਮੀ ਜੋ ਇਸਦੇ ਰਾਜ ਵਿਚ ਸਭ ਤੋਂ ਵੱਧ ਦੁਖੀ ਹੈ, ਦੀਆਂ ਆਸਾਂ ਪੂਰੀ ਨਹੀਂ ਕਰ ਸਕਦੀ ਕਿਉਂਕਿ ਇਸਨੂੰ ਰਿਮੋਰਟ ਨਾਲ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਤੇ ਇਸਦੀ ਵਰਤੋਂ ਦੇਸ਼ ਭਰ ਵਿਚ ਆਪ ਦਾ ਪਸਾਰ ਕਰਨ ਵਾਸਤੇ ਕੀਤੀ ਜਾ ਰਹੀ ਹੈ  ਪੰਜਾਬ ਵਿਚ ’ਆਮ ਆਦਮੀ’ ਦੀਆਂ ਆਸਾਂ ਪੂਰੀਆਂ ਕਰਨ ਵਾਸਤੇ ਡੱਕਾ ਵੀ ਨਹੀਂ ਤੋੜਿਆ ਜਾ ਰਿਹਾ।


ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ, ਨੇ ਕਿਹਾ ਕਿ ਆਪ ਦੇ ਰਾਜ ਵਿਚ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਤ ਹਨ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ ਤੇ ਸਰਕਾਰੀ ਵਿਭਾਗਾਂ ਵਿਚ ਸਾਰਾ ਮਜ਼ਦੂਰੀ ਦਾ ਕੰਮ ਬਾਹਰਲਿਆਂ ਨੂੰ ਆਊਟ ਸੋਰਸ ਕਰ ਦਿੱਤਾ ਗਿਆ ਹੈ।


ਅਪਾਹਜ਼ ਵਿਅਕਤੀਆਂ ਦੀ ਐਸੋਸੀਏਸ਼ਨਾਂ ਦੇ ਪ੍ਰਤੀਨਿਧ ਵੀ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਤੇ ਦੱਸਿਆ ਕਿ ਜਦੋਂ ਉਹਨਾਂ ਨੇ ਮੁੱਖ ਮੰਤਰੀ ਸਾਹਮਣੇ ਆਪਣੀਆਂ ਮੰਗਾਂ ਪੇਸ਼ ਕਰਨ ਦਾ ਯਤਨ ਕੀਤਾ ਤਾਂ ਉਹਨਾਂ ’ਤੇ ਲਾਠੀਚਾਰਜ ਕੀਤਾ ਗਿਆ। ਲੋਕਾਂ ਨੇ ਸਰਦਾਰ ਬਾਦਲ ਕੋਲ ਆ ਕੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਆਟਾ ਦਾਲ ਸਕੀਮ ਤਹਿਤ ਕਣਕ ਨਹੀਂ ਮਿਲ ਰਹੀ।



ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਇਹ ਯਕੀਨੀ ਬਣਾਏਗਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਅਨੁਸਾਰ ਸਕੀਮ ਲਾਗੂ ਕੀਤੀ ਜਾਵੇ ਤੇ ਸਕੀਮ ਤਹਿਤ ਦਾਲਾਂ ਵੀ ਦਿੱਤੀਆਂ ਜਾਣ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਬੁਨਿਆਦੀ ਢਾਂਚਾ ਢਹਿ ਢੇਰੀ ਹੋ ਗਿਆ ਹੈ ਭਾਵੇਂ ਉਹ ਲਿੰਕ ਸੜਕਾਂ ਹੋਣ ਜਾਂ ਫਿਰ ਸੀਵਰੇਜ ਸਿਸਟਮ ਜਾਂ ਪਿੰਡਾਂ ਵਿਚ ਗਲੀਆਂ ਤੇ ਸਟ੍ਰੀਟ ਲਾਈਟਾਂ, ਸਭ ਟੁੱਟ ਭੱਜ ਗਏ ਹਨ। 


ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਨੂੰ ਲੋਕਾਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਤੇ ਉਹ ਤਾਂ ਸਿਰਫ ਪਬਲਿਸਿਟੀ ਸਟੰਟ ਵਿਚ ਰੁੱਝੇ ਹਨ ਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਤੇ ਲਿਆਉਣ ਵਿਚ ਲੱਗੇ ਹਨ।