ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਪੁਲਿਸ ਲਈ ਕਈ ਐਲਾਨ ਕੀਤੇ ਹਨ। ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ਸਰਕਾਰ ਬਣਦਿਆਂ ਹੀ ਪੁਲਿਸ ਨੂੰ ਸਨਮਾਨ ਵਾਲੀ ਨੌਕਰੀ ਮਿਲੇਗੀ। ਪੰਜਾਬ ਵਿੱਚ ਪੁਲਿਸ ਸਿਰਫ ਪੁਲਿਸ ਵਾਲਾ ਕੰਮ ਹੀ ਕਰੇਗੀ। ਪੁਲਿਸ ਨੂੰ ਵਾਧੂ ਕੰਮ ਨਹੀਂ ਦਿੱਤਾ ਜਾਵੇਗਾ। ਸਨਮਾਨ ਵਾਲੇ ਟੀਏ/ਡੀਏ ਦਿੱਤੇ ਜਾਣਗੇ। ਪੁਲਿਸ ਲਈ ਫਿਕਸਡ ਟਾਈਣ ਡਿਊਟੀ ਹੋਏਗੀ। ਕੋਈ ਸਿਆਸੀ ਦਖਲ ਨਹੀਂ ਹੋਏਗਾ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਖ-ਵੱਖ ਵਰਗਾਂ ਲਈ ਕਈ ਐਲਾਨ ਕਰ ਰਹੀ ਹੈ। ਨਵਜੋਤ ਸਿੱਧੂ ਦੀ ਪੁਲਿਸ ਬਾਰੇ ਟਿੱਪਣੀ ਮਗਰੋਂ ਇਹ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਇਸ ਦਾ ਲਾਹਾ ਲੈਂਦੇ ਅੱਜ ਆਮ ਆਦਮੀ ਪਾਰਟੀ ਨੇ ਦਾਅ ਖੇਡਿਆ ਹੈ। ਰਾਘਵ ਚੱਢਾ ਨੇ ਕਿਹਾ ਕਿ ਚੰਨੀ ਸਰਕਾਰ ਤੇ ਨਵਜੋਤ ਸਿੱਧੂ ਪੰਜਾਬ ਪੁਲਿਸ ਨੂੰ ਜਲੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ।

ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਨੂੰ ਪੁਲਿਸ ਨਾਲ ਨਫ਼ਰਤ ਹੈ ਤਾਂ ਉਹ ਸੁਰੱਖਿਆ ਛੱਡ ਦੇਣ। ਉਨ੍ਹਾਂ ਕਿਹਾ ਕਿ ਪੈਂਟ ਗਿੱਲੀ ਵਾਲੇ ਬਿਆਨ ਕਰਕੇ ਪੰਜਾਬ ਪੁਲਿਸ ਦੇ 70,000 ਜਵਾਨ ਤੇ ਉਨ੍ਹਾਂ ਦੇ ਪਰਿਵਾਰ ਅਪਮਾਨਿਤ ਮਹਿਸੂਸ ਕਰ ਰਹੇ ਹਨ। ਅੱਜ ਪਤਾ ਲੱਗਾ ਹੈ ਕਿ ਪੁਲਿਸ ਲਈ ਸਿੱਧੂ ਦੇ ਮਨ ਵਿੱਚ ਕੀ ਹੈ। ਇਹ ਬਿਆਨ ਮੁਆਫ਼ੀ ਲਾਇਕ ਵੀ ਨਹੀਂ ਹੈ। ਅਜਿਹੇ ਬਿਆਨ ਸਿੱਧੂ ਨੂੰ ਸ਼ੋਭਾ ਨਹੀਂ ਦਿੰਦੇ।

ਉਨ੍ਹਾਂ ਕਿਹਾ ਕਿ ਇਹ ਲੋਕ ਸਾਡੀ ਰੱਖਿਆ ਕਰਦੇ ਹਨ। ਸਿੱਧੂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਉਨ੍ਹਾਂ ਨਾਲ 100 ਦੇ ਕਰੀਬ ਜਵਾਨ ਤਾਇਨਾਤ ਸਨ। ਇਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਮਨਾਂ ਵਿੱਚ ਕੀ ਬੀਤਦਾ ਹੋਏਗਾ ਕਿ ਸਾਡੇ ਲੋਕ ਉਸ ਦੀ ਰੱਖਿਆ ਕਰ ਰਹੇ ਹਨ ਤੇ ਉਹ ਕੀ ਸੋਚਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੁਲਿਸ ਨੂੰ ਮੁਕਤ ਕਰੇ। ਫਿਰ ਵੇਖਿਓ ਕਿਵੇਂ ਪੁਲਿਸ ਰੇਤ ਮਾਫੀਆ, ਕੇਬਲ ਮਾਫੀਆ ਤੇ ਹੋਰ ਮਾਫੀਆ ਨੂੰ ਖਤਮ ਕਰਦੀ ਹੈ। ਅੱਜ ਪੁਲਿਸ ਥਾਣਿਆਂ ਵਿੱਚ ਸਿਆਸੀ ਪਾਰਟੀ ਦਖਲ ਦੇ ਰਹੀ ਹੈ।
 



ਇਹ ਵੀ ਪੜ੍ਹੋ :Punjab Election 2022 : ਬੀਜੇਪੀ ਨੇ ਲਾਈ ਸ਼੍ਰੋਮਣੀ ਅਕਾਲੀ ਦਲ 'ਚ ਸੰਨ੍ਹ, ਕਈ ਲੀਡਰ ਕੀਤੇ ਸ਼ਾਮਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490