Punjab News: ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਣਵਿਆਹੁਤਾ ਲੜਕੀ ਉਤੇ ਤਸ਼ੱਦਦ ਢਾਹੁਣ ਦੇ 12 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਤਰਨ ਤਾਰਨ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਤਰਨ ਤਾਰਨ ਦੇ ਵਧੀਕ ਜਿਲ੍ਹਾ ਅਤੇ ਸੈਸ਼ਨਜ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਗੋਇੰਦਵਾਲ ਸਾਹਿਬ ਦੀ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਵਲੋਂ ਸਜਾ ਦਾ ਐਲਾਨ 12 ਸਤੰਬਰ ਨੂੰ ਕੀਤਾ ਜਾਵੇਗਾ। ਇਸ ਤੋਂ ਬਾਅਦ ਵਿਰੋਧੀ ਲੀਡਰਾਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, AAP ਸਰਕਾਰ ਇੱਕ ਵਾਰ ਫਿਰ ਆਪਣੀ ਨੈਤਿਕਤਾ ਅਤੇ ਜਵਾਬਦੇਹੀ ਦੀ ਘਾਟ ਲਈ ਬੇਨਕਾਬ ਹੋ ਗਈ ਹੈ। ਇੱਕ ਬਹੁਤ ਹੀ ਸ਼ਰਮਨਾਕ ਘਟਨਾ ਵਿੱਚ, ਖਡੂਰ ਸਾਹਿਬ ਤੋਂ 'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਅਦਾਲਤ ਨੇ ਇੱਕ ਦਲਿਤ ਔਰਤ ਨਾਲ ਛੇੜਛਾੜ ਅਤੇ ਹਮਲੇ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਹੈ।
ਇਹ ਸਜ਼ਾ ਕੋਈ ਇਕੱਲਾ ਮਾਮਲਾ ਨਹੀਂ ਹੈ ਬਲਕਿ ਇੱਕ ਪਰੇਸ਼ਾਨ ਕਰਨ ਵਾਲੇ ਪੈਟਰਨ ਦਾ ਹਿੱਸਾ ਹੈ - ਕਈ 'ਆਪ' ਨੇਤਾਵਾਂ 'ਤੇ ਪਹਿਲਾਂ ਵੀ ਗੰਭੀਰ ਦੁਰਵਿਵਹਾਰ ਦੇ ਦੋਸ਼ ਲਗਾਏ ਗਏ ਹਨ। ਇਹ ਆਮ ਆਦਮੀ ਪਾਰਟੀ ਲੀਡਰਸ਼ਿਪ ਦੇ ਅਨੈਤਿਕ ਅਤੇ ਅਪਰਾਧਿਕ ਵਿਵਹਾਰ ਪ੍ਰਤੀ ਖੁੱਲ੍ਹੇ ਰਵੱਈਏ ਨੂੰ ਦਰਸਾਉਂਦਾ ਹੈ।
ਸ਼ਿਕਾਇਤ ਅਨੁਸਾਰ ਉਨ੍ਹਾਂ 3 ਮਾਰਚ, 2013 ਨੂੰ ਤਰਨ ਤਾਰਨ ਦੀ ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਇਕ ਪੈਲੇਸ ਵਿੱਚ ਪੀੜਤਾ ਨਾਲ ਸ਼ਰੇਆਮ ਮਾਰ ਕੁੱਟ ਕੀਤੀ ਅਤੇ ਉਸ ਦੇ ਕਪੜੇ ਤੱਕ ਪਾੜ ਦਿੱਤੇ ਸਨ। ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਸਾਰੇ ਮੁਲਜ਼ਮ ਮੌਕੇ ’ਤੇ ਹਾਜਰ ਸਨ। ਦੋਸ਼ੀ ਠਹਿਰਾਏ ਜਾਣ ਦੇ ਤੁਰੰਤ ਬਾਅਦ ਹੀ ਪੁਲੀਸ ਵੱਲੋਂ ਉਨ੍ਹਾਂ ਨੂੰ ਜੇਲ੍ਹ ਲਿਜਾਇਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :