ਸੰਗਰੂਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਕਾਫੀ ਹਿੱਲਜੁੱਲ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸਿਸਟਮ ਨੂੰ ਠੀਕ ਕਰਨ ਲਈ ਖੁਦ ਮੈਦਾਨ ਵਿੱਚ ਨਿੱਤਰੇ ਹੋਏ ਹਨ। ਅਜਿਹੇ ਵਿੱਚ ਕੁਝ ਲੋਕ ਇਸ ਤੋਂ ਪ੍ਰੇਸ਼ਾਨ ਵੀ ਨਜ਼ਰ ਆ ਰਹੇ ਹਨ ਤੇ ਧਮਕੀਆਂ ਤੱਕ ਉੱਤਰ ਆਏ ਹਨ।
ਆਮ ਆਦਮੀ ਪਾਰਟੀ ਦੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਮਗਰੋਂ ਪੁਲਿਸ ਨੂੰ ਭਾਜੜਾਂ ਪੈ ਗਈਆਂ ਹਨ। ਵਿਧਾਇਕ ਗੋਇਲ ਨੂੰ ਐਤਵਾਰ ਰਾਤ 9.10 ਵਜੇ ਕਿਸੇ ਅਨਜਾਣ ਵਿਆਕਤੀ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਵਿਧਾਇਕ ਗੋਇਲ ਦੇ ਪੁੱਤਰ ਐਡਵੋਕੇਟ ਕਮ ਕੌਂਸਲਰ ਗੌਰਵ ਗੋਇਲ ਤੇ ਨਿੱਜੀ ਸਹਾਇਕ ਰਾਕੇਸ਼ ਗੁਪਤਾ ਨੇ ਦੱਸਿਆ ਕਿ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੂੰ ਰਾਤ ਨੂੰ ਫੋਨ ਕਾਲ ਆਈ ਤੇ ਜਦੋਂ ਨਿੱਜੀ ਸਹਾਇਕ ਫੋਨ ਨੇ ਚੁੱਕਿਆ ਤਾਂ ਅਣਪਛਾਤੇ ਕਾਲਰ ਨੇ ਗਾਲ੍ਹਾਂ ਕੱਢਣ ਤੋਂ ਬਾਅਦ ਕਿਹਾ ਕਿ ਉਹ ਵਿਧਾਇਕ ਗੋਇਲ ਨੂੰ ਗੋਲੀ ਨੂੰ ਗੋਲੀ ਮਾਰ ਕੇ ਮਾਰ ਦੇਵੇਗਾ।
ਉਨ੍ਹਾਂ ਵੱਲੋਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਦੀ ਪੁਸ਼ਟੀ ਡੀਐਸਪੀ ਮਨੋਜ ਗੋਰਸੀ ਨੇ ਵੀ ਕੀਤੀ ਹੈ। ਪੁਲਿਸ ਵੱਲੋਂ ਫੋਨ ਦੀ ਲੋਕੇਸ਼ਨ ਤੇ ਵਿਅਕਤੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।