Punjab Politics: ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਿਆਸਤ ਵਿੱਚ ਆਏ ਇੱਕ ਦਹਾਕਾ ਹੋ ਗਿਆ ਹੈ। ਆਪ ਨੇ ਲੋਕਾਂ ਨੂੰ ਦੱਸਿਆ ਕਿ ਪੁਰਾਣੇ ਲੀਡਰਾਂ ਤੋਂ ਸਵਾਲ ਪੁੱਛਿਆ ਕਰੋ ਕਿ ਕੰਮ ਕਿਉਂ ਨਹੀਂ ਹੋਏ ਜਿਸ ਤੋਂ ਬਾਅਦ ਇਸ ਦਾ ਅਸਰ ਵੀ ਹੋਇਆ ਪਰ ਹੁਣ ਇਨ੍ਹਾਂ ਸਵਾਲਾਂ ਦੇ ਗੇੜ੍ਹ ਵਿੱਚ ਆਮ ਆਦਮੀ ਪਾਰਟੀ ਵੀ ਕਿਤੇ ਨਾ ਕਿਤੇ ਘਿਰਦੀ ਨਜ਼ਰ ਆ ਰਹੀ ਹੈ।
ਲੋਕ ਸਭਾ ਚੋਣਾਂ ਵਿੱਚ ਭਾਜਪਾ ਲੀਡਰਾਂ ਨੂੰ ਤਾਂ ਪੂਰੇ ਪੰਜਾਬ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੌਰਾਨ ਲੋਕਾਂ ਨੇ ਕਈ ਥਾਵਾਂ ਉੱਤੇ ਆਪ ਉਮੀਦਵਾਰਾਂ ਦਾ ਵਿਰੋਧ ਵੀ ਸ਼ੁਰੂ ਕਰ ਦਿੱਤਾ ਹੈ ਜਿਸ ਦੀਆਂ ਵੀਡੀਓ ਵੀ ਬਕਾਇਦਾ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਰੋਧ ਬੇਰੁਜ਼ਗਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਕਿਸਾਨ ਵੀ ਆਪ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ।
ਇਨ੍ਹਾਂ ਦੀਆਂ ਵੀਡੀਓ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਹਨ।
ਵਿਰੋਧ ਹੁੰਦਿਆਂ ਦੇਖ CM ਮਾਨ ਨੇ ਸਾਂਭੀ ਕਮਾਨ
'ਆਪ' ਆਗੂਆਂ ਨੂੰ ਸਵਾਲਾਂ ਦੇ ਘੇਰੇ 'ਚ ਘਿਰਦਾ ਦੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਸੀਐਮ ਰੋਡ ਸ਼ੋਅ ਅਤੇ ਵੱਡੀਆਂ ਰੈਲੀਆਂ ਰਾਹੀਂ ਚੋਣ ਪ੍ਰਚਾਰ ਕਰ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਾਰਨ ਵੋਟਰਾਂ ਨਾਲ ਸੰਪਰਕ ਦੂਰੋਂ ਹੀ ਹੁੰਦਾ ਹੈ ਅਤੇ ਸਵਾਲ ਪੁੱਛਣ ਦੀ ਗੁੰਜਾਇਸ਼ ਘੱਟ ਰਹਿੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋਅ ਅਤੇ ਰੈਲੀਆਂ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਹੇ ਹਨ।